ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਨਵੰਬਰ
ਇੱਥੋਂ ਦੇ ਰੈਸਟ ਹਾਊਸ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਰਾਜ ਯੋਜਨਾ ਬੇਰਡ ਦੇ ਉਪ ਚੇਅਰਪਰਸਨ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਈ-ਭਾਈ ਹਨ, ਜੋ ਕਿ ਪੰਜਾਬ ਨੂੰ ਨਫ਼ਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਹੱਕਾਂ ’ਤੇ ਡਾਕਾ ਮਾਰਨ ਵਾਲੇ ਅਜਿਹੇ ਆਗੂਆਂ ਨੂੰ ਪੰਜਾਬ ਵਿੱਚੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ। ਬੀਬੀ ਭੱਠਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਅਤੇ ਹੁਣ ਬੀਐੱਸਐੱਫ ਨੂੰ ਪੰਜਾਬ ਵਿੱਚ ਵੱਧ ਅਧਿਕਾਰ ਦੇ ਕੇ ਤਾਨਾਸ਼ਾਹੀ ਫ਼ੈਸਲੇ ਲਏ ਹਨ, ਇਹੋ ਕਾਰਨ ਹੈ ਕਿ ਭਾਜਪਾ ਨੂੰ ਪੰਜਾਬ ਦੇ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਸਟੈਂਡ ਹਮੇਸ਼ਾ ਪੰਜਾਬ ਵਿਰੋਧੀ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨੂੰ ਛੱਡਣ ’ਤੇ ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਨੂੰ ਸਭ ਤੋਂ ਵੱਧ ਸਮਾਂ ਦਿੱਤਾ, ਇਸ ਲਈ ਕੈਪਟਨ ਨੂੰ ਵੱਡੇ ਦਿਲ ਨਾਲ ਪਾਰਟੀ ਹਾਈਕਮਾਨ ਦਾ ਫ਼ੈਸਲਾ ਪ੍ਰਵਾਨ ਕਰਨਾ ਚਾਹੀਦਾ ਸੀ। ਨਵਜੋਤ ਸਿੱਧੂ ਦੇ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲਣ ’ਤੇ ਬੀਬੀ ਭੱਠਲ ਨੇ ਕਿਹਾ ਕਿ ਪ੍ਰਧਾਨ ਦੇ ਲੋਕ ਹਿੱਤ ਵਿੱਚ ਮੁੱਦੇ ਚੁੱਕਣ ਅਤੇ ਸੁਝਾਅ ਦੇਣ ਵਿੱਚ ਕੁੱਝ ਵੀ ਗ਼ਲਤ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕਾ ਲਹਿਰਾਗਾਗਾ ਤੋਂ ਭੱਠਲ ਪਰਿਵਾਰ ਹੀ ਵਿਧਾਨ ਸਭਾ ਚੋਣ ਲੜੇਗਾ। ਉਹ ਖੁਦ ਜਾਂ ਉਨ੍ਹਾਂ ਦਾ ਪੁੱਤਰ ਰਾਹੁਲਇੰਦਰ ਸਿੰਘ ਚੋਣ ਲੜੇ, ਇਸ ਬਾਰੇ ਫ਼ੈਸਲਾ ਪਾਰਟੀ ਨੇ ਲੈਣਾ ਹੈ।