ਮਨੋਜ ਸ਼ਰਮਾ/ਪਰਮਜੀਤ ਸਿੰਘ
ਬਠਿੰਡਾ/ਫਾਜ਼ਿਲਕਾ, 4 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੇਸਬੁੱਕ ਲਾਈਵ ਰਾਹੀਂ ਬਠਿੰਡਾ ਵਾਸੀ ਦੇ ਰੂਬਰੂ ਹੋਏ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਹੜ੍ਹ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਜਦਕਿ ਮੀਹਾਂ ਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਦੇ ਪੱਤਣਾਂ ਨੂੰ ਰਿਚਾਰਜ ਕਰਨ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਅੱਜ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ‘ਕੈਪਟਨ ਨੂੰ ਪੁੱਛੋ’ ਦੇ 9ਵੇਂ ਅੰਕ ਵਿਚ ਬਠਿੰਡਾ ਜ਼ਿਲ੍ਹੇ ਦੇ ਐਡਵੋਕੇਟ ਜਤਿੰਦਰ ਪਾਲ ਸਿੰਘ ਚਹਿਲ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਹੜ੍ਹਾਂ ਨਾਲ ਹੁੰਦੇ ਨੁਕਸਾਨ ਨੂੰ ਰੋਕਣ ਲਈ ਨਦੀਆਂ ਤੇ ਨਹਿਰਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਪੁੱਛੋ’ ਦੌਰਾਨ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਤਿੰਨ ਵਸਨੀਕਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤੇ। ਅਬੋਹਰ ਦੇ ਇਸ਼ਾਨ ਗਰੋਵਰ ਵੱਲੋਂ ਲੌਕਡਾਊਨ ਕਾਰਨ ਪੜ੍ਹਾਈ ਲਈ ਕੈਨੇਡਾ ਨਾ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਤੰਬਰ ਤਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਖੁੱਲ੍ਹਣ ਦੀ ਆਸ ਹੈ। ਲਾਧੂਕਾ ਦੀ ਵਸਨੀਕ ਸਾਕਸ਼ੀ ਵੱਲੋਂ 12ਵੀਂ ਦੇ ਪੰਜਾਬ ਬੋਰਡ ਇਮਤਿਹਾਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵਿਚ ਸੀ.ਬੀ.ਐੱਸ.ਈ. ਦੇ ਐਲਾਨੇ ਫ਼ੈਸਲੇ ਨੂੰ ਲਾਗੂ ਕੀਤਾ ਜਾਵੇਗਾ। ਫਾਜ਼ਿਲਕਾ ਦੀ ਮਨਪ੍ਰੀਤ ਕੌਰ ਨੇ 2014 ’ਚ ਸੜਕ ਹਾਦਸੇ ਦਾ ਸ਼ਿਕਾਰ ਹੋਣ ਦੌਰਾਨ ਪੰਜਾਬ ਸਰਕਾਰ ਵੱਲੋਂ ਸਹਾਇਤਾ ਦੇਣ ਦੇ ਕੀਤੇ ਵਾਅਦੇ ਸਬੰਧੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਸ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।