ਚਰਨਜੀਤ ਭੁੱਲਰ
ਚੰਡੀਗੜ੍ਹ, 27 ਅਪਰੈਲ
ਮੁੱਖ ਅੰਸ਼
- ਸਿੱਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ਦਾ ਇਸ਼ਾਰਾ ਕੀਤਾ
- ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਜਾਖੜ ਦੀ ਪਿੱਠ ਥਾਪੜੀ
-
ਕੋਵਿਡ ਦੌਰਾਨ ਪੰਜਾਬ ਕਾਂਗਰਸ ਵਿੱਚ ਨਵੀਂ ਖਿੱਚੋਤਾਣ ਦਾ ਮੁੱਢ ਬੱਝਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਚੁੱਪ ਤੋੜਦਿਆਂ ਕਾਂਗਰਸੀ ਵਿਧਾਇਕ ਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ’ਤੇ ਸਿੱਧਾ ਵਾਰ ਕਰਦਿਆਂ ਚੁਣੌਤੀ ਦਿੱਤੀ ਹੈ। ਸਿੱਧੂ ਪਿਛਲੇ ਕਈ ਦਿਨਾਂ ਤੋਂ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਰੱਖ ਰਹੇ ਸਨ, ਜਿਸ ਤੋਂ ਇਹ ਸੰਕੇਤ ਮਿਲੇ ਸਨ ਕਿ ਉਹ ਵੱਖਰੇ ਰਾਹ ਤੁਰ ਪਏ ਹਨ। ਮੁੱਖ ਮੰਤਰੀ ਨੇ ਅੱਜ ਦੋ ਟੁੱਕ ਲਫਜ਼ਾਂ ਵਿੱਚ ਗੱਲ ਨਬਿੇੜਦਿਆਂ ਸਾਫ ਕਰ ਦਿੱਤਾ ਹੈ ਕਿ ਹੁਣ ਨੇੜ ਭਵਿੱਖ ਵਿੱਚ ਉਨ੍ਹਾਂ ਦੋਵਾਂ ’ਚ ਮੁੜ ਸੁਲ੍ਹਾ-ਸਫ਼ਾਈ ਦੇ ਆਸਾਰ ਨਹੀਂ ਜਾਪਦੇ ਹਨ। ਚੇਤੇ ਰਹੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ ਨੇੜੇ ਲਿਆਉਣ ਵਿੱਚ ਵੱਡੀ ਸਫ਼ਲਤਾ ਵੀ ਹਾਸਲ ਕਰ ਲਈ ਸੀ, ਪਰ ਬੇਅਦਬੀ ਮਾਮਲੇ ਵਿੱਚ ਸਿੱਧੂ ਵੱਲੋਂ ਕੈਪਟਨ ਨੂੰ ਸਿੱਧੇ ਤੌਰ ’ਤੇ ਕਟਹਿਰੇ ਵਿੱਚ ਖੜ੍ਹੇ ਕੀਤੇ ਜਾਣ ਕਰ ਕੇ ਦੋਵਾਂ ਵਿਚ ਪਈ ਦਰਾਰ ਨੂੰ ਭਰਨਾ ਔਖਾ ਹੋ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪਟਿਆਲਾ ਹਲਕੇ ਵਿਚ ਵਧਦੀਆਂ ਸਰਗਰਮੀਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਨਵਜੋਤ ਸਿੱਧੂ ਜੇਕਰ ਉਨ੍ਹਾਂ ਖ਼ਿਲਾਫ਼ ਚੋਣ ਲੜਨਾ ਚਾਹੁੰਦਾ ਹੈ ਤਾਂ ਸ਼ੌਕ ਨਾਲ ਲੜੇ। ਪਿਛਲੀ ਵਾਰ ਜਨਰਲ ਜੇ.ਜੇ. ਸਿੰਘ ਆਇਆ ਸੀ, ਜਿਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ।’ ਅਮਰਿੰਦਰ ਨੇ ਸਿੱਧੂ ਨੂੰ ਚੁਣੌਤੀ ਦਿੱਤੀ ਕਿ ‘ਹੁਣ ਉਹ ਉਨ੍ਹਾਂ ਖਿਲਾਫ਼ ਚੋਣ ਲੜ ਕੇ ਵੇਖ ਲਏ, ਜ਼ਮਾਨਤ ਜ਼ਬਤ ਹੋਏਗੀ।’ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਖ਼ੁਦ ਸਪਸ਼ਟ ਨਹੀਂ ਕਿ ਉਹ ਕਿੱਧਰ ਜਾਣਾ ਚਾਹੁੰਦਾ ਹੈ। ਸ਼ਾਇਦ ‘ਆਪ’ ਵੱਲ ਜਾਣ ਦੀ ਤਿਆਰੀ ਕਰ ਰਿਹਾ ਹੈ। ਨਵਜੋਤ ਸਿੱਧੂ ਜਿੰਨੀ ਜਲਦੀ ਜਾਣਾ ਚਾਹੁੰਦਾ ਹੈ, ਜਿੱਥੇ ਜਾਣਾ ਚਾਹੁੰਦਾ ਹੈ, ਜਾਵੇ।’
ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਨਵਜੋਤ ਸਿੱਧੂ ਹਮਲੇ ਕਰ ਰਿਹਾ ਹੈ, ਉਸ ਤੋਂ ਸਾਫ ਹੈ ਕਿ ਉਹ ਕਿਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਅਮਰਿੰਦਰ ਨੇ ਸੁਆਲ ਉਠਾਇਆ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਕਿਉਂ ਬਣਾਇਆ ਜਾਵੇ, ਬਤੌਰ ਪ੍ਰਧਾਨ ਸੁਨੀਲ ਜਾਖੜ ਚੰਗਾ ਕੰਮ ਕਰ ਰਹੇ ਹਨ। ਕਾਂਗਰਸ ਦੇ ਕਿੰਨੇ ਮੰਤਰੀ ਨਵਜੋਤ ਸਿੱਧੂ ਨਾਲੋਂ ਸੀਨੀਅਰ ਹਨ। ਅਮਰਿੰਦਰ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਅਤੇ ਸੁਨੀਲ ਜਾਖੜ ਦਾ ਕੱਲ੍ਹ ਹੀ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਉਹ ਚੰਗਾ ਕੰਮ ਕਰ ਰਹੇ ਹਨ।
ਕੈਪਟਨ ਦੇ ਨਵਜੋਤ ਸਿੱਧੂ ਖ਼ਿਲਾਫ਼ ਖੁੱਲ੍ਹ ਕੇ ਮੈਦਾਨ ਵਿੱਚ ਨਿੱਤਰਨ ਨਾਲ ਕੋਵਿਡ ਮਹਾਮਾਰੀ ਦੇ ਇਸ ਦੌਰ ’ਚ ਪੰਜਾਬ ਕਾਂਗਰਸ ਵਿੱਚ ਸਿਆਸੀ ਖਿੱਚੋਤਾਣ ਵਧਣ ਦੀ ਸੰਭਾਵਨਾ ਬਣ ਗਈ ਹੈ। ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਅਮਰਿੰਦਰ ਸਿੰਘ ਨਾਲ ਡਟ ਕੇ ਖੜ੍ਹ ਗਏ ਹਨ। ਬਿੱਟੂ ਨੇ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦਾ ਅਸਲੀ ਸ਼ੇਰ ਦੱਸਿਆ ਹੈ। ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਪਹਿਲਾਂ ਹੀ ਕਾਂਗਰਸ ਹਾਈਕਮਾਂਡ ਨੂੰ ਪੱਤਰ ਲਿਖ ਚੁੱਕੇ ਹਨ ਕਿ ਫੌਰੀ ਇਸ ਮਾਮਲੇ ਵਿਚ ਦਖ਼ਲ ਦਿੱਤਾ ਜਾਵੇ। ਅਮਰਿੰਦਰ ਤੇ ਨਵਜੋਤ ਸਿੱਧੂ ਦਰਮਿਆਨ ਹੁਣ ਸਿੱਧੀ ਲਕੀਰ ਖਿੱਚੀ ਗਈ ਹੈ। ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਕਿੰਨੇ ਕੁ ਵਿਧਾਇਕ ਹੁਣ ਨਵਜੋਤ ਸਿੱਧੂ ਦੇ ਪੱਖ ਵਿਚ ਖੜ੍ਹਦੇ ਹਨ ਜਾਂ ਫਿਰ ਸਿੱਧੂ ਕਿਹੜਾ ਨਵਾਂ ਸਿਆਸੀ ਪੈਂਤੜਾ ਖੇਡਦੇ ਹਨ।
‘ਮੁੜ ਧਰਨਾ ਲਾਉਣ ਦਾ ਕੀ ਫਾਇਦਾ’
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਹੁਣ ਜਦੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਫੈਸਲਾ ਹੋ ਗਿਆ ਹੈ ਤਾਂ ਕੁਝ ਪੰਥਕ ਧਿਰਾਂ ਵੱਲੋਂ ਇਸ ਮਾਮਲੇ ’ਤੇ ਮੁੜ ਧਰਨਾ ਲਾਏ ਜਾਣ ਦੀ ਕੋਈ ਤੁੱਕ ਨਹੀਂ ਬਣਦੀ। ਮੁੱਖ ਮੰਤਰੀ ਨੇ ਕਿਹਾ ਕਿ ‘ਸਿਟ’ ਖਾਰਜ ਕਰਨ ਵਾਲਾ ਫੈਸਲਾ ਸਿਰਫ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧ ਰੱਖਦਾ ਹੈ ਜਦੋਂ ਕਿ ਬੇਅਦਬੀ ਮਾਮਲੇ ਦੇ ਕੁਝ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਇਸ ਸਬੰਧੀ ਅਦਾਲਤ ਵਿਚ ਚਲਾਨ ਵੀ ਪੇਸ਼ ਕੀਤੇ ਗਏ ਹਨ।
ਸਾਡੀ ਲੜਾਈ ਇਨਸਾਫ ਲਈ ਹੈ: ਨਵਜੋਤ ਸਿੱਧੂ
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਮੋੜਵਾਂ ਜੁਆਬ ਦਿੰਦੇ ਹੋਏ ਇਕ ਟਵੀਟ ਵਿਚ ਸਾਫ ਕੀਤਾ ਕਿ ਇਸ ਲੜਾਈ ਵਿਚ ਵਿਧਾਨ ਸਭਾ ਸੀਟ ਕੋਈ ਅਹਿਮੀਅਤ ਨਹੀਂ ਰੱਖਦੀ ਹੈ। ਸਿੱਧੂ ਨੇ ਟਵੀਟ ਕੀਤਾ, ‘‘ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫ਼ਲ ਹੋਣਗੇ। ਪੰਜਾਬ ਮੇਰੀ ਰੂਹ ਹੈ ਅਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਹਨ। ਸਾਡੀ ਲੜਾਈ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਹੈ। ਇਸ ਲੜਾਈ ਵਿਚ ਕਿਸੇ ਵਿਧਾਨ ਸਭਾ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ।’