ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਫਰਵਰੀ
ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਜੱਫੀ ਪਾਉਣ ਦੇ ਮਾਮਲੇ ਨੂੰ ਇੱਕ ਵਾਰ ਫਿਰ ਉਭਾਰਦਿਆਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਸੂਬੇ ਦਾ ਸ਼ਾਸਨ ਅਜਿਹੇ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ, ਜੋ ਸਿਰਫ਼ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਤੋਂ ਗੁਰੇਜ ਨਹੀਂ ਕਰਦੇ। ਪੀਐੱਲਸੀ ਵੱਲੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਅੱਜ ਇਥੇ ਰਾਮਲੀਲ੍ਹਾ ਮੈਦਾਨ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਿੱਧੂ ਦਾ ਪਾਕਿਸਤਾਨ ਦੇ ਜਨਰਲ ਬਾਜਵਾ ਨੂੰ ਗਲ਼ ਲਾਉਣਾ ਅਤੇ ਫ਼ੇਰ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਸਿੱਧੂ ਨੂੰ ਰਾਜ ਮੰਤਰੀ ਮੰਡਲ ਵਿੱਚ ਮੁੜ ਸ਼ਾਮਲ ਕਰਨ ਦੀ ਸਿਫਾਰਸ਼ ਕਰਨਾ ਸਪੱਸ਼ਟ ਕਰਦਾ ਹੈ ਕਿ ਪੰਜਾਬ ਅਤੇ ਭਾਰਤ ਨੂੰ ਸਰਹੱਦ ਪਾਰ ਦੇ ਦੁਸ਼ਮਣ ਤੋਂ ਬਚਾਉਣ ਲਈ ਸਿੱਧੂ ਵਰਗੇ ਵਿਅਕਤੀ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸੂਬੇ ਅਤੇ ਦੇਸ਼ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ, ਜੋ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਮਰਥਨ ਨਾਲ ਸਿਰਫ਼ ਪੀਐੱਲਸੀ ਹੀ ਯਕੀਨੀ ਬਣਾ ਸਕਦੀ ਹੈ। ਹਾਲਾਂਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਫਿਲਹਾਲ ਕੋਈ ਟਕਰਾਅ ਨਹੀਂ ਹੈ ਪਰ ਪਾਕਿਸਤਾਨ ਦਾ ਵਿਰੋਧੀ ਸ਼ਾਸਨ ਅਤੀਤ ਵਿੱਚ ਕਈ ਗੰਭੀਰ ਖ਼ਤਰੇ ਖੜ੍ਹੇ ਕਰ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਉਨ੍ਹਾਂ ਦੀਆਂ ਪਾਰਟੀਆਂ ਦੇ ਤਿੰਨ ਧਿਰੀ ਗੱਠਜੋੜ ਦੇ ਹੱਕ ’ਚ ਪ੍ਰਚਾਰ ਕਰਨ ਲਈ ਜਲਦੀ ਹੀ ਪੰਜਾਬ ਆਉਣਗੇ।
ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ 70,000 ਕਰੋੜ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਚਰਨਜੀਤ ਚੰਨੀ ਨੇ ਸਿਰਫ਼ 111 ਵਿੱਚ ਹੀ 33,000 ਕਰੋੜ ਦਾ ਕਰਜ਼ਾ ਵਧਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਵਿੱਚ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕਈ ਵਿਕਾਸ ਪ੍ਰਾਜੈਕਟਾਂ ਨੂੰ ਚੰਨੀ ਸਰਕਾਰ ਨੇ ਠੱਪ ਕਰ ਦਿੱਤਾ ਹੈ। ਉਨ੍ਹਾਂ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਪੀਐੱਲਸੀ ਉਮੀਦਵਾਰ ਮੇਅਰ ਸੰਜੀਵ ਬਿੱਟੂ ਦੇ ਹੱਕ ’ਚ ਫਤਵਾ ਦੇਣ ’ਤੇ ਜ਼ੋਰ ਦਿੱਤਾ।