ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਨਵੰਬਰ
ਈਟੀਟੀ ਕੇਡਰ ਦੀ ਭਰਤੀ ਲਈ ਹੋ ਰਹੀ ਪ੍ਰੀਖਿਆ ਦੌਰਾਨ ਕਿਸੇ ਹੋਰ ਉਮੀਦਵਾਰ ਦੀ ਥਾਂ ਪ੍ਰੀਖਿਆ ਦੇ ਰਹੇ ਨੌਜਵਾਨ ਨੇ ਮਾਤਾ ਗੁਜਰੀ ਨਰਸਿੰਗ ਕਾਲਜ ਬਡਰੁੱਖਾਂ ਦੇ ਪ੍ਰੀਖਿਆ ਕੇਂਦਰ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੇ ਫੜੇ ਜਾਣ ਦੇ ਡਰੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਪੈਰ ਦੀ ਹੱਡੀ ਟੁੱਟ ਗਈ।
ਥਾਣਾ ਲੌਂਗੋਵਾਲ ਦੇ ਮੁਖੀ ਜਰਨੈਲ ਸਿੰਘ ਕੋਲੋਂ ਹਾਸਲ ਜਾਣਕਾਰੀ ਅਨੁਸਾਰ ਪ੍ਰੀਖਿਆ ਦੌਰਾਨ ਇੱਕ ਉਮੀਦਵਾਰ ’ਤੇ ਸ਼ੱਕ ਹੋਣ ’ਤੇ ਡਿਊਟੀ ਸਟਾਫ਼ ਨੇ ਜਦੋਂ ਉਸ ਕੋਲੋਂ ਸ਼ਨਾਖ਼ਤੀ ਸਬੂਤ ਮੰਗਿਆ ਤਾਂ ਉਮੀਦਵਾਰ ਨੇ ਕਿਹਾ ਕਿ ਸ਼ਨਾਖ਼ਤੀ ਕਾਰਡ ਹੇਠਾਂ ਗੱਡੀ ਵਿੱਚ ਪਿਆ ਹੈ, ਜਿਸ ਨੂੰ ਲੈਣ ਲਈ ਸਟਾਫ਼ ਨੇ ਉਮੀਦਵਾਰ ਨਾਲ ਪੁਲੀਸ ਭੇਜ ਦਿੱਤੀ। ਵਾਪਸ ਆ ਕੇ ਉਮੀਦਵਾਰ ਨੇ ਕਿਹਾ ਕਿ ਉਸ ਦੀ ਗੱਡੀ ਜਾਣਕਾਰ ਲੈ ਗਿਆ ਹੈ। ਬਾਅਦ ਵਿੱਚ ਉਮੀਦਵਾਰ ਬਹਾਨੇ ਨਾਲ ਪਖਾਨੇ ਗਿਆ ਤੇ ਫੜੇ ਜਾਣ ਦੇ ਡਰੋਂ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਡਾਕਟਰਾਂ ਅਨੁਸਾਰ ਉਸ ਦੇ ਪੈਰ ਦੀ ਹੱਡੀ ਟੁੱਟ ਗਈ ਹੈ।
ਨੌਜਵਾਨ ਦੀ ਸ਼ਨਾਖ਼ਤ ਅਨਿਲ ਕੁਮਾਰ ਵਜੋਂ ਹੋਈ ਹੈ, ਜੋ ਹਰਿਆਣਾ ਦੇ ਜ਼ਿਲ੍ਹਾ ਕੈਥਲ ਦਾ ਵਸਨੀਕ ਹੈ। ਪੁਲੀਸ ਅਨੁਸਾਰ ਪ੍ਰੀਖਿਆ ਦੇਣ ਲਈ ਸੰਦੀਪ ਕੁਮਾਰ ਦੇ ਨਾਮ ਦਾ ਜਾਅਲੀ ਆਧਾਰ ਕਾਰਡ ਵੀ ਬਣਵਾਇਆ ਹੋਇਆ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਅਨੁਸਾਰ ਅਨਿਲ ਕੁਮਾਰ, ਉਮੀਦਵਾਰ ਸੰਦੀਪ ਕੁਮਾਰ ਵਾਸੀ ਖਨੌਰੀ ਖੁਰਦ ਦੀ ਥਾਂ ਪ੍ਰੀਖਿਆ ਦੇ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਨਿਲ ਕੁਮਾਰ ਦੇ ਬਿਆਨ ਦਰਜ ਕਰਨ ਮਗਰੋਂ ਸੰਦੀਪ ਕੁਮਾਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।