ਦਵਿੰਦਰ ਸਿੰਘ ਭੰਗੂ
ਰਈਆ, 18 ਮਈ
ਪਿੰਡ ਜੋਧੇ ਵਿੱਚ ਇਕ ਧਾਰਮਿਕ ਡੇਰੇ ਵੱਲੋਂ ਰਾਤੋ-ਰਾਤ ਕਥਿਤ ਗੇਟ ਲਾ ਕੇ ਕਿਸਾਨਾਂ ਦੀ ਜ਼ਮੀਨ ਨੂੰ ਜਾਂਦਾ ਰਾਹ ਬੰਦ ਕਰਨ ਦੇ ਰੋਸ ਵਜੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁਨਾਂ ਨੇ ਉਕਤ ਡੇਰੇ ਵਿਰੁੱਧ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਗੇਟ ਪੁੱਟ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਡੇਰੇ ਨੇ ਸੈਂਕੜੇ ਏਕੜ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ।
ਕਿਸਾਨ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਬਕਾਲਾ ਦੇ ਪ੍ਰਧਾਨ ਚਰਨ ਸਿੰਘ ਕਲੇਰ ਨੇ ਦੱਸਿਆ ਕਿ ਪਿੰਡ ਜੋਧੇ ਵਿੱਚ ਦਰਜਨ ਤੋਂ ਵੱਧ ਕਿਸਾਨਾਂ ਦੀਆਂ ਜ਼ਮੀਨਾਂ ਡੇਰੇ ਨਾਲ ਲੱਗਦੀਆਂ ਹਨ। ਇਸ ਜ਼ਮੀਨ ਨੂੰ ਜਾਂਦੇ ਰਾਹ ’ਤੇ ਬੀਤੀ ਰਾਤ ਡੇਰਾ ਪ੍ਰਬੰਧਕਾਂ ਨੇ ਰਾਤੋ-ਰਾਤ ਗੇਟ ਲਾ ਕੇ ਰਾਹ ਬੰਦ ਕਰ ਦਿੱਤਾ। ਇਸ ਦੀ ਸੂਚਨਾ ਮਿਲਣ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਾਮਬੰਦੀ ਕਰਕੇ ਉਕਤ ਗੇਟ ਢਾਹ ਦਿੱਤਾ ਤੇ ਡੇਰੇ ਵਿਰੁੱਧ ਧਰਨਾ ਲਾਇਆ।
ਸ੍ਰੀ ਕਲੇਰ ਨੇ ਦੱਸਿਆ ਕਿ ਪਿੰਡ ਜੋਧੇ ਤੋਂ ਦਰਿਆ ਮੰਡ ਨੂੰ 76 ਫੁਟ ਚੌੜਾ ਰਾਹ ਜਾਂਦਾ ਹੈ, ਜਿਸ ’ਤੇ ਉਕਤ ਡੇਰੇ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਚੜ੍ਹਦੇ ਪਾਸੇ ਵਾਲੇ ਰਾਹ ’ਤੇ ਵੀ ਡੇਰੇ ਦਾ ਕਬਜ਼ਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਬੱਲਸਰਾਂ ਦੀ 286 ਏਕੜ ਜ਼ਮੀਨ ਦਾ ਫ਼ੈਸਲਾ ਹਾਈ ਕੋਰਟ ਨੇ ਪੰਚਾਇਤ ਦੇ ਹੱਕ ਵਿੱਚ ਸੁਣਾਇਆ ਹੈ, ਪਰ ਉਸ ਜ਼ਮੀਨ ’ਤੇ ਵੀ ਹਾਲੇ ਤੱਕ ਡੇਰੇ ਦਾ ਕਬਜ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਕਬਜ਼ਾ ਪੰਚਾਇਤ ਹਵਾਲੇ ਕਰਕੇ ਬੰਦ ਦਰਵਾਜ਼ੇ ਖੁੱਲ੍ਹਵਾਏ ਜਾਣ। ਇਸ ਮੌਕੇ ਕਿਸਾਨਾਂ ਨੇ ਡੇਰਾ ਰਾਧਾ ਸੁਆਮੀ ਬਿਆਸ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਡੇਰਾ ਰਾਧਾ ਸੁਆਮੀ ਦੇ ਸੈਕਟਰੀ ਨਿਰਮਲ ਪਟਵਾਲੀਆ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਵਿਸ਼ਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।
ਇਸ ਮੌਕੇ ਡੇਰੇ ਵੱਲੋਂ ਸੈਕਟਰੀ ਨਿਰਮਲ ਸਿੰਘ, ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚਰਨ ਸਿੰਘ ਕਲੇਰ, ਸੰਤੋਖ ਸਿੰਘ, ਕਰਮ ਸਿੰਘ ਬੱਲਸਰਾਂ ਤੇ ਹੋਰਨਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਡੇਰੇ ਵੱਲੋਂ ਹੁਣ ਪਿੰਡ ਜੋਧੇ ਵਿੱਚ ਗੇਟ ਨਹੀਂ ਲਾਇਆ ਜਾਵੇਗਾ ਤੇ ਹੋਰ ਪੰਚਾਇਤੀ ਜ਼ਮੀਨ ਦਾ ਕਬਜ਼ਾ ਵੀ ਛੁਡਵਾਇਆ ਜਾਵੇਗਾ। ਇਸ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ।