ਆਤਿਸ਼ ਗੁਪਤਾ/ਜੋਗਿੰਦਰ ਸਿੰਘ ਮਾਨ
ਚੰਡੀਗੜ੍ਹ/ਮਾਨਸਾ, 19 ਮਾਰਚ
ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ 10 ਮੰਤਰੀਆਂ ਨੇ ਅੱਜ ਹਲਫ਼ ਲੈ ਲਿਆ ਹੈ, ਜਿਨ੍ਹਾਂ ’ਚੋਂ ਪੰਜ ਮਾਲਵੇ ਦੇ, ਚਾਰ ਮਾਝੇ ਅਤੇ ਇੱਕ ਦੋਆਬੇ ਖੇਤਰ ਦੇ ਵਿਧਾਇਕ ਸ਼ਾਮਲ ਹਨ। ਇਨ੍ਹਾਂ 10 ’ਚੋਂ ਸਿਰਫ਼ 2 ਚਿਹਰੇ ਹੀ ਪੁਰਾਣੇ ਹਨ, ਜਦੋਂਕਿ 8 ਚਿਹਰੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ। ‘ਆਪ’ ਨੇ ਪੰਜਾਬ ’ਚ ਵੱਡੇ ਆਗੂਆਂ ਨੂੰ ਹਰਾਉਣ ਵਾਲੇ ਵਿਧਾਇਕਾਂ ਨੂੰ ਕੈਬਨਿਟ ’ਚ ਥਾਂ ਨਹੀਂ ਦਿੱਤੀ। ਇਸ ਤੋਂ ਇਲਾਵਾ ਕਈ ਪੁਰਾਣੇ ਅਤੇ ਵੱਡੀ ਜਿੱਤ ਹਾਸਲ ਕਰਨ ਵਾਲੇ ਵਿਧਾਇਕ ਵੀ ਕੈਬਨਿਟ ’ਚੋਂ ਬਾਹਰ ਰੱਖੇ ਗਏ ਹਨ।
ਪੰਜਾਬ ਵਿੱਚ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਨਾਲ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ, ਕੈਪਟਨ ਅਮਰਿੰਦਰ ਸਿੰਘ ਨੂੰ 19,873 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਅਜੀਤ ਪਾਲ ਸਿੰਘ ਕੋਹਲੀ, ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ 37,558 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਤੇ ਚਮਕੌਰ ਸਾਹਿਬ ਤੋਂ 7,942 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਡਾ. ਚਰਨਜੀਤ ਸਿੰਘ, ਅੰਮ੍ਰਿਤਸਰ (ਪੂਰਬੀ) ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ 6,750 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੀ ਡਾ. ਜੀਵਨ ਜੋਤ ਕੌਰ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ 30,930 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਜਗਦੀਪ ਸਿੰਘ ਗੋਲਡੀ ਕੰਬੋਜ ਵਰਗੇ ਆਗੂਆਂ ਨੂੰ ਕੈਬਨਿਟ ਵਿੱਚ ਥਾਂ ਨਹੀਂ ਮਿਲੀ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਨੇ ਸੂਬੇ ’ਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਨ ਵਾਲੇ ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਰਹਿ ਚੁੱਕੀ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਅਤੇ ਬੁਢਲਾਢਾ ਤੋਂ ਪ੍ਰਿੰਸੀਪਲ ਬੁੱਧ ਰਾਮ ਸਣੇ ਹੋਰ ਵੱਡੇ ਚਿਹਰਿਆਂ ਨੂੰ ਵੀ ਫਿਲਹਾਲ ਮੰਤਰੀ ਮੰਡਲ ’ਚੋਂ ਬਾਹਰ ਰੱਖਿਆ ਹੈ।
ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਬਨਿਟ ਦੀ ਚੋਣ ਕਰਨ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੁੰਦਾ ਹੈ। ਸ਼ਾਇਦ ਉਨ੍ਹਾਂ (ਅਮਨ ਅਰੋੜਾ) ਵਿੱਚ ਹੀ ਕੋਈ ਕਮੀ ਰਹਿ ਗਈ ਹੋਵੇਗੀ, ਜਿਸ ਕਰਕੇ ਉਨ੍ਹਾਂ ਨੂੰ ਕੈਬਨਿਟ ਵਿੱਚ ਨਹੀਂ ਰੱਖਿਆ ਗਿਆ। ਸ੍ਰੀ ਅਰੋੜਾ ਨੇ ਕਿਹਾ ਕਿ ਭਵਿੱਖ ਵਿੱਚ ਉਹ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਸਮੁੱਚੀ ਕੈਬਨਿਟ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਦਾ ਭਲਾ ਕਰਨਗੇ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਉਹ ਪਾਰਟੀ ਵਿੱਚ ਬਤੌਰ ਵਿਧਾਇਕਾ ਕੰਮ ਕਰ ਰਹੇ ਸਨ ਅਤੇ ਅੱਗੋਂ ਵੀ ਕਰਨਗੇ।
ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਲੋਕ ਸੇਵਾ ਲਈ ਮੰਤਰੀ ਹੋਣਾ ਜ਼ਰੂਰੀ ਨਹੀਂ। ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਨਾ ਸ਼ਾਮਲ ਕਰਨ ਦਾ ਕੋਈ ਗਿਲਾ ਨਹੀਂ ਹੈ। ਉਹ ਕੈਬਨਿਟ ਨਾਲ ਰਲ ਕੇ ਆਪਣੇ ਇਲਾਕੇ ਅਤੇ ਪੰਜਾਬ ਦਾ ਵਿਕਾਸ ਕਰਨ ਨੂੰ ਤਰਜੀਹ ਦੇਣਗੇ।
ਦਿੜ੍ਹਬਾ ਹਲਕੇ ਦੀ ਨੁਮਾਇੰਦਗੀ ਕਰਨਗੇ ਹਰਪਾਲ ਚੀਮਾ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਵਿਧਾਨ ਸਭਾ ਹਲਕਾ (ਰਾਖਵਾਂ) ਦਿੜ੍ਹਬਾ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ’ਤੇ ਦੂਜੀ ਵਾਰ ਚੋਣ ਜਿੱਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਕੈਬਨਿਟ ਮੰਤਰੀ ਬਣਨ ਨਾਲ ਕਰੀਬ 35 ਸਾਲ ਬਾਅਦ ਕੋਈ ਪੰਜਾਬ ਵਜ਼ਾਰਤ ਵਿੱਚ ਹਲਕੇ ਦੀ ਨੁਮਾਇੰਦਗੀ ਕਰਨ ਜਾ ਰਿਹਾ ਹੈ। ਪੇਸ਼ੇ ਤੋਂ ਵਕੀਲ ਹਰਪਾਲ ਚੀਮਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਵਿਰੋਧੀ ਧਿਰ ਦੇ ਨੇਤਾ ਰਹੇ ਸਨ।
ਬਰਨਾਲਾ ਦੀ ਨੁਮਾਇੰਦਗੀ ਕਰਨਗੇ ਮੀਤ
ਬਰਨਾਲਾ (ਰਵਿੰਦਰ ਰਵੀ): ਬਰਨਾਲਾ ਨੂੰ ਲਗਪਗ 35 ਸਾਲ ਬਾਅਦ ਕੋਈ ਕੈਬਨਿਟ ਮੰਤਰੀ ਨਸੀਬ ਹੋਇਆ ਹੈ। 1985-87 ਤੱਕ ਮਰਹੂਮ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ ਸਨ, ਜਿਸ ਤੋਂ ਬਾਅਦ 32 ਸਾਲਾ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੈਬਨਿਟ ਦੀ ਨੁਮਾਇੰਦਗੀ ਹਾਸਲ ਹੋਈ ਹੈ। ਉਹ ਦਿੱਲੀ ਵਿੱਚ ਸਿਵਲ ਸਰਵਿਸ ਦੀ ਤਿਆਰੀ ਦੌਰਾਨ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੇ ਰਹੇ। ਇਸ ਦੌਰਾਨ ਉਹ ਅਰਵਿੰਦ ਕੇਜਰੀਵਾਲ ਦੇ ਸੰਪਰਕ ’ਚ ਆ ਗਏ। ਮੀਤ ਹੇਅਰ ਦੇ ਪਰਿਵਾਰ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ।
ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਜੁੜੇ ਰਹੇ ਹਨ ਹਰਜੋਤ ਬੈਂਸ
ਸ੍ਰੀ ਆਨੰਦਪੁਰ ਸਾਹਿਬ (ਬੀ.ਐਸ.ਚਾਨਾ): ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤੇ ਐਡਵੋਕੇਟ ਹਰਜੋਤ ਸਿੰਘ ਬੈਂਸ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ। ਉਹ ਪੰਜ ਦਹਾਕੇ ਬਾਅਦ ਸਿੱਖ ਚਿਹਰੇ ਵਜੋਂ ਚੋਣ ਜਿੱਤ ਕੇ ਪੰਜਾਬ ਵਜ਼ਾਰਤ ਵਿੱਚ ਇਸ ਹਲਕੇ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਸਿੱਖਿਆ ਹਾਸਲ ਕੀਤੀ ਹੈ। ਉਹ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਵੀ ਹਿੱਸਾ ਰਹੇ ਹਨ।
ਡਾਕਟਰ ਬਲਜੀਤ ਕੌਰ ਹੁਣ ਮੰਤਰੀ ਬਣ ਕੇ ਕਰਨਗੇ ਲੋਕਾਂ ਦੀ ਸੇਵਾ
ਮਲੋਟ (ਲਖਵਿੰਦਰ ਸਿੰਘ): ਅੱਖਾਂ ਦੇ ਮਾਹਿਰ ਡਾਟਕਰ ਵਜੋਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਸੇਵਾਵਾਂ ਨਿਭਾਉਣ ਵਾਲੇ 46 ਸਾਲਾ ਡਾ. ਬਲਜੀਤ ਕੌਰ ਹੁਣ ਕੈਬਨਿਟ ਮੰਤਰੀ ਬਣ ਕੇ ਲੋਕਾਂ ਦੀ ਸੇਵਾ ਕਰਨਗੇ। ਉਹ ਚੋਣ ਮੀਟਿੰਗਾਂ ਵਿੱਚ ਵੀ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਦੇ ਰਹੇ ਹਨ। ਪੰਜਾਬ ਦੀ ਕੈਬਨਿਟ ਵਿੱਚ ਫਿਲਹਾਲ ਉਹ ਇਕੱਲੇ ਮਹਿਲਾ ਕੈਬਨਿਟ ਮੰਤਰੀ ਹਨ। ਬਲਜੀਤ ਕੌਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਧੀ ਹਨ।
ਭੋਆ ਨੂੰ ਪਹਿਲੀ ਵਾਰ ਮਿਲੀ ਨੁਮਾਇੰਦਗੀ
ਪਠਾਨਕੋਟ (ਐਨਪੀ. ਧਵਨ): ਹਲਕਾ ਭੋਆ ਤੋਂ ਜਿੱਤੇ ਲਾਲ ਚੰਦ ਕਟਾਰੂਚੱਕ ਦੇ ਕੈਬਨਿਟ ਮੰਤਰੀ ਬਣਨ ਨਾਲ ਹਲਕੇ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੈਬਨਿਟ ਦੀ ਨੁਮਾਇੰਦਗੀ ਮਿਲੀ ਹੈ। ਉਹ ਪਹਿਲਾਂ ਸੀਪੀਐੱਮ ਅਤੇ ਆਰਐੱਮਪੀਆਈ ਨਾਲ ਸਰਗਰਮ ਸਨ। ਉਹ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਲੜਦੇ ਆ ਰਹੇ ਹਨ।
ਪਹਿਲੀ ਵਾਰ ’ਚ ਕੈਬਨਿਟ ਮੰਤਰੀ ਬਣੇ ਲਾਲਜੀਤ
ਪੱਟੀ (ਬੇਅੰਤ ਸਿੰਘ ਸੰਧੂ): ਵਿਧਾਨ ਸਭਾ ਹਲਕਾ ਪੱਟੀ ਤੋਂ ਪਹਿਲੀ ਵਾਰ ਚੋਣ ਜਿੱਤੇ ਲਾਲਜੀਤ ਸਿੰਘ ਭੁੱਲਰ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਮਾਤ ਦਿੱਤੀ ਹੈ। ਲਾਲਜੀਤ ਸਿੰਘ ਪੇਸ਼ੇ ਵਜੋਂ ਆੜ੍ਹਤ ਦਾ ਕਾਰੋਬਾਰ ਕਰਦੇ ਸਨ।
ਡਾ. ਸਿੰਗਲਾ ਵੀ ਬਣੇ ਵਜ਼ੀਰ
ਮਾਨਸਾ (ਜੋਗਿੰਦਰ ਮਾਨ): ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੇ ਅੱਜਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਡਾ. ਸਿੰਗਲਾ ਪੇਸ਼ੇ ਵਜੋਂ ਦੰਦਾਂ ਦੇ ਡਾਕਟਰ ਹਨ। ਦਿਲਚਸਪ ਗੱਲ ਇਹ ਹੈ ਕਿ ਡਾ. ਸਿੰਗਲਾ ਤੋਂ ਹਾਰੇ ਸਿੱਧੂ ਮੂਸੇਵਾਲਾ ਵੀ ਉਨ੍ਹਾਂ ਕੋਲੋਂ ਦੰਦਾਂ ਦਾ ਇਲਾਜ ਕਰਵਾਉਂਦਾ ਰਿਹਾ ਹੈ।
ਹੁਸ਼ਿਆਰਪੁਰ ਦੀ ਨੁਮਾਇੰਦਗੀ ਬਰਕਰਾਰ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ਹਲਕੇ ਤੋਂ ਪਹਿਲੀ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਬ੍ਰਹਮ ਸ਼ੰਕਰ ਜਿੰਪਾ ਨੂੰ ਨਵੀਂ ਸਰਕਾਰ ’ਚ ਕੈਬਨਿਟ ਮੰਤਰੀ ਬਣਾਏ ਜਾਣ ’ਤੇ ਜ਼ਿਲ੍ਹੇ ’ਚ ਖੁਸ਼ੀ ਦੀ ਲਹਿਰ ਹੈ। ਜਿੰਪਾ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਕਾਂਗਰਸ ਸਰਕਾਰ ਸਮੇਂ ਅਤੇ ਤੀਕਸ਼ਣ ਸੂਦ ਅਕਾਲੀ-ਭਾਜਪਾ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਹਨ।
ਈਟੀਓ ਦੀ ਨੌਕਰੀ ਛੱਡਣ ਵਾਲੇ ਹਰਭਜਨ ਸਿੰਘ ਬਣੇ ਕੈਬਨਿਟ ਮੰਤਰੀ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਹਰਭਜਨ ਸਿੰਘ ਈਟੀਓ ਨੂੰ ਪੰਜਾਬ ਦੀ ਵਜ਼ਾਰਤ ਵਿੱਚ ਥਾਂ ਮਿਲੀ ਹੈ। ਜੰਡਿਆਲਾ ਗੁਰੂ ਵਿੱਚ ਹੀ ਮੁੱਢਲੀ ਪੜ੍ਹਾਈ ਕਰਨ ਵਾਲੇ ਹਰਭਜਨ ਸਿੰਘ ਨੇ ਸਾਲ 2012 ਵਿੱਚ ਉਨ੍ਹਾਂ ਪੀਸੀਐੱਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਪਰੰਤ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿੱਚ ਬਤੌਰ ਈਟੀਓ ਨਿਯੁਕਤ ਹੋਏ। ਉਨ੍ਹਾਂ ਪੰਜ ਸਾਲ ਬਤੌਰ ਈਟੀਓ ਨੌਕਰੀ ਕੀਤੀ ਅਤੇ 2017 ਵਿਚ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਨੌਕਰੀ ਤੋਂ ਸੇਵਾਮੁਕਤੀ ਲੈ ਲਈ।
ਢਾਈ ਦਹਾਕੇ ਬਾਅਦ ਹਲਕਾ ਅਜਨਾਲਾ ਨੂੰ ਮਿਲਿਆ ਵਜ਼ੀਰ
ਅਜਨਾਲਾ (ਸੁਖਦੇਵ ਸਿੰਘ ਸੁੱਖ ): ਕੁਲਦੀਪ ਸਿੰਘ ਧਾਲੀਵਾਲ ਦੇ ਕੈਬਨਿਟ ਮੰਤਰੀ ਬਣਨ ਨਾਲ ਹਲਕਾ ਅਜਨਾਲਾ ਨੂੰ 25 ਸਾਲ ਬਾਅਦ ਮੁੜ ਕੈਬਨਿਟ ਰੈਂਕ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡਾ. ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ ਸਨ। ਕੁਲਦੀਪ ਧਾਲੀਵਾਲ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਕਿਸਾਨ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ। ਕੁਲਦੀਪ ਸਿੰਘ ਪੇਸ਼ੇ ਵਜੋਂ ਕਿਸਾਨ ਹਨ।