ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਗਸਤ
ਹੈਬੋਵਾਲ ਕਲਾਂ ਦੇ ਨਿਊ ਦੀਪ ਨਗਰ ਇਲਾਕੇ ਦੇ ਵਸਨੀਕ ਪ੍ਰਵੀਨ ਕੁਮਾਰ ਗੁਪਤਾ ਨੇ ਸੋਮਵਾਰ ਨੂੰ ਆਪਣੇ ਘਰ ’ਚ ਫਾਹਾ ਲੈ ਲਿਆ। ਉਸ ਦੇ ਬੱਚਿਆਂ ਨੇ ਉਸ ਨੂੰ ਫਾਹਾ ਲਾਉਂਦੇ ਹੋਏ ਦੇਖਿਆ ਤਾਂ ਤੁਰੰਤ ਉਤਾਰ ਕੇ ਇਲਾਜ ਲਈ ਡੀਐੱਮਸੀ ਹਸਪਤਾਲ ਪਹੁੰਚਾਇਆ ਜਿੱਥੇ ਬੁੱਧਵਾਰ ਦੇਰ ਰਾਤ ਨੂੰ ਉਸ ਦੀ ਮੌਤ ਹੋ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਨੇ ਕਿਹਾ ਕਿ ਪ੍ਰਵੀਨ ਕੁਮਾਰ ਦੀ ਦੁਕਾਨ ਪਹਿਲਾਂ ਕਾਫ਼ੀ ਵੱਡੀ ਸੀ, ਪਰ ਬਟਵਾਰੇ ਕਾਰਨ ਦੁਕਾਨ ਛੋਟੀ ਹੋ ਗਈ। ਇਸ ਕਾਰਨ ਕੰਮ ’ਚ ਕਾਫ਼ੀ ਕਮੀ ਆ ਗਈ ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਪ੍ਰਵੀਨ ਨੇ ਘਰ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿਚ ਮੌਤ ਹੋ ਗਈ।