ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਗੈਂਗਸਟਰਾਂ ਦੇ ਨਾਮ ’ਤੇ ਪੰਜਾਬ ਦੇ ਵੱਡੇ ਘਰਾਣਿਆਂ ਤੇ ਕਾਰੋਬਾਰੀਆਂ ਨੂੰ ਲਗਾਤਾਰ ਫਿਰੌਤੀ ਲਈ ਫੋਨ ਆ ਰਹੇ ਹਨ। ਅਜਿਹੇ ਹੀ ਫੋਨ ਰਿਸ਼ੀ ਨਗਰ ਇਲਾਕੇ ’ਚ ਰਹਿਣ ਵਾਲੇ ਕਾਰੋਬਾਰੀ ਮਨਜਿੰਦਰ ਸਿੰਘ ਨੂੰ ਗੈਂਗਸਟਰ ਦੀਪਕ ਮੁੰਡੀ ਦੇ ਨਾਮ ਤੋਂ ਆ ਰਹੇ ਹਨ ਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਮਨਜਿੰਦਰ ਸ਼ਿਕਾਇਤ ਕਰਨ ਲਈ ਥਾਣੇ ਆਇਆ ਤਾਂ ਉਸ ਸਮੇਂ ਵੀ ਪੁਲੀਸ ਸਾਹਮਣੇ ਹੀ ਗੈਂਗਸਟਰ ਦਾ ਫੋਨ ਆ ਗਿਆ। ਗੈਂਗਸਟਰ ਦੀਪਕ ਮੁੰਡੀ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਹਾਲੇ ਵੀ ਪੁਲੀਸ ਨੂੰ ਲੋੜੀਂਦਾ ਹੈ। ਇਹ ਫੋਨ ਕਾਲ ਵਿਦੇਸ਼ੀ ਨੰਬਰਾਂ ਤੋਂ ਆ ਰਹੀ ਹੈ ਤੇ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਥਾਣਾ ਪੀਏਯੂ ਦੀ ਪੁਲੀਸ ਨੇ ਵਪਾਰੀ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲ਼ਾਫ਼ ਕੇਸ ਦਰਜ ਕੀਤਾ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਲਗਜ਼ਰੀ ਗੱਡੀਆਂ ਕਿਰਾਏ ’ਤੇ ਦੇਣ ਦਾ ਕੰਮ ਕਰਦਾ ਹੈ। ਉਸ ਨੂੰ 25 ਜੁਲਾਈ ਨੂੰ ਵਿਦੇਸ਼ੀ ਨੰਬਰ ਤੋਂ ਪਹਿਲੀ ਕਾਲ ਆਈ ਸੀ। ਇਸ ਮਾਮਲੇ ’ਚ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਦਾ ਕਹਿਣਾ ਹੈ ਕਿ ਉਹ ਕਾਲ ਕਿਸੇ ਗੈਂਗਸਟਰ ਗਰੁੱਪ ਨੇ ਨਹੀਂ ਕੀਤੀ ਸੀ। ਜਾਂਚ ’ਚ ਪਤਾ ਲੱਗਿਆ ਹੈ ਕਿ ਵਿਦੇਸ਼ੀ ਨੰਬਰ ਨਹੀਂ ਬਲਕਿ ਵਰਚੁਅਲ ਨੰਬਰ ਵਰਤਿਆ ਗਿਆ ਹੈ ਤੇ ਇਹ ਕਾਲ ਬਿਹਾਰ ਦੇ ਗੋਪਾਲਗੰਜ ਤੋਂ ਆਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।