ਪੱਤਰ ਪ੍ਰੇਰਕ
ਲੰਬੀ, 16 ਜੁਲਾਈ
ਪਿੰਡ ਮਿੱਢੂਖੇੜਾ ਨੇੜੇ ਰਾਜਸਥਾਨ ਨਹਿਰ ‘ਚ ਇੱਕ ਵਿਅਕਤੀ ਵੱਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸ਼ਨਾਖ਼ਤ ਸਿਰਸਾ ਦੇ ਟਾਇਰ ਕਾਰੋਬਾਰੀ ਰਾਕੇਸ਼ ਖੰਨਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਾਕੇਸ਼ ਖੰਨਾ ਦੇ ਵਾਰਸ ਉਸ ਨੂੰ ਨਹਿਰ ਵਿੱਚੋਂ ਲੱਭਣ ਲਈ ਜੁਟੇ ਹੋਏ ਹਨ। ਸਥਾਨਕ ਲੋਕਾਂ ਅਨੁਸਾਰ ਕੱਲ੍ਹ ਦੇਰ ਸ਼ਾਮ ਇੱਕ ਵਿਅਕਤੀ ਨੇ ਡੱਬਵਾਲੀ-ਅਬੋਹਰ ਸੜਕ ‘ਤੇ ਨਹਿਰ ਦੇ ਪੁਲ ਕੰਢੇ ਮੋਬਾਈਲ ਰੱਖਿਆ ਤੇ ਨਹਿਰ ‘ਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਪਿੰਡ ਘੁਮਿਆਰਾ ਨਾਲ ਸਬੰਧਤ ਚਸ਼ਮਦੀਦ ਨੌਜਵਾਨਾਂ ਨੇ ਉਸ ਦਾ ਮੋਬਾਈਲ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੂੰ ਸੌਂਪਿਆ ਤੇ ਸਰਪੰਚ ਨੇ ਮੋਬਾਈਲ ਵਿਚਲੇ ਨੰਬਰਾਂ ਦੇ ਆਧਾਰ ’ਤੇ ਪਰਿਵਾਰ ਨੂੰ ਘਟਨਾ ਬਾਰੇ ਜਾਣੂ ਕਰਵਾਇਆ। ਇਸ ਸਬੰਧੀ ਕਿੱਲਿਆਂਵਾਲੀ ਚੌਕੀ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਕੇਸ਼ ਖੰਨਾ ਦੀ ਭਾਲ ਜਾਰੀ ਹੈ। ਉਸ ਦੇ ਲੜਕੇ ਸ਼ਿਆਮ ਖੰਨਾ ਨੇ ਕਿਹਾ ਕਿ ਉਹ ਨਹਿਰ ਵਿੱਚੋਂ ਪਿਤਾ ਨੂੰ ਭਾਲਣ ‘ਚ ਜੁਟੇ ਹੋਏ ਹਨ।