ਸੰਤੋਖ ਗਿੱਲ
ਰਾਏਕੋਟ, 2 ਸਤੰਬਰ
ਅਨਾਜ ਮੰਡੀਆਂ ਵਿਚ ਢੋਆ-ਢੁਆਈ ਦੇ ਟੈਂਡਰ ਘੁਟਾਲੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਠੇਕੇਦਾਰ ਤੇਲੂ ਰਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਦੇ ਰਾਡਾਰ ਹੇਠ ਆਏ ਉਨ੍ਹਾਂ ਦੇ ਕਈ ਹੋਰ ਸਾਥੀ ਰੂਪੋਸ਼ ਹੋ ਗਏ ਹਨ ਪਰ ਵਿਜੀਲੈਂਸ ਬਿਊਰੋ ਤੋਂ ਬੇਖ਼ੌਫ ਟਰੱਕ ਯੂਨੀਅਨ ਰਾਏਕੋਟ ਵਿੱਚ ਸਰਕਾਰੀ ਅਨਾਜ ਦੀ ਢੋਆ-ਢੁਆਈ ਦਾ ਕਾਰੋਬਾਰ ਹਾਲੇ ਵੀ ਤੇਲੂ ਰਾਮ ਦੇ ਨਾਂ ਹੇਠ ਜਾਰੀ ਹੈ। ਸਰਕਾਰੀ ਡਿੱਪੂਆਂ ਲਈ ਅਨਾਜ ਦੀ ਢੋਆ-ਢੁਆਈ ਲਈ ਟਰੱਕ ਭਾਵੇਂ ਸਥਾਨਕ ਟਰੱਕ ਯੂਨੀਅਨ ਵੱਲੋਂ ਦਿੱਤੇ ਜਾਂਦੇ ਹਨ ਪਰ ਕਈ ਗੇਟ ਪਾਸ ਅੱਜ ਵੀ ਠੇਕੇਦਾਰ ਤੇਲੂ ਰਾਮ ਦੇ ਨਾਂ ਹੇਠ ਕੱਟੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਰਾਏਕੋਟ ਦੇ ਟਰੱਕ ਮਾਲਕ ਪਰਮਿੰਦਰ ਸਿੰਘ ਗਰੇਵਾਲ ਭਾਰਤੀ ਖ਼ੁਰਾਕ ਨਿਗਮ ਰਾਏਕੋਟ ਦੇ ਹਰਜੱਸ ਸਟੋਰੇਜ ਪੁਆਇੰਟ ਤੋਂ ਟਰੱਕ ਨੰਬਰ ਪੀਬੀ 13ਡੀ-1741 ’ਤੇ ਟਰੱਕ ਯੂਨੀਅਨ ਰਾਏਕੋਟ ਦੀ ਬਿਲਟੀ ਅਨੁਸਾਰ ਸਰਕਾਰੀ ਅਨਾਜ ਲੈ ਕੇ ਪਿੰਡ ਬੁਰਜ ਹਰੀ ਸਿੰਘ, ਨੂਰਪੁਰਾ ਅਤੇ ਬੁਰਜ ਨਕਲੀਆਂ ਲਈ 2 ਜੁਲਾਈ ਨੂੰ ਰਵਾਨਾ ਹੋਇਆ ਸੀ, ਜਦਕਿ ਆਨਲਾਈਨ ਚਲਾਨ ਦੇ ਗੇਟ-ਪਾਸ ਅਨੁਸਾਰ ਟਰੱਕ ਨੰਬਰ ਪੀਜੇਆਈ 9675 ਲੈ ਕੇ ਡਰਾਈਵਰ ਪਰਮਜੀਤ ਸਿੰਘ ਰਵਾਨਾ ਹੁੰਦਾ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਪਿਛਲੇ ਹਫ਼ਤੇ ਵੀ ਪਰਮਿੰਦਰ ਸਿੰਘ ਗਰੇਵਾਲ ਆਪਣੇ ਟਰੱਕ ਪੀਸੀਕੇ 4451 ਟਰੱਕ ਯੂਨੀਅਨ ਰਾਏਕੋਟ ਦੀ ਬਿਲਟੀ ਰਾਹੀਂ ਖ਼ੁਰਾਕ ਨਿਗਮ ਰਾਏਕੋਟ ਦੇ ਉਸੇ ਡਿਪੂ ਤੋਂ ਬੱਸੀਆਂ ਪਿੰਡ ਲਈ 26 ਅਗਸਤ ਨੂੰ ਰਵਾਨਾ ਹੋਇਆ ਸੀ ਜਦਕਿ ਗੇਟ ਪਾਸ ਅਨੁਸਾਰ ਇਹ ਅਨਾਜ ਪੀਬੀ 19ਐਚ-7147 ਟਰੱਕ ਰਾਹੀਂ ਡਰਾਈਵਰ ਪੰਕਜ ਕੁਮਾਰ ਲੈ ਕੇ ਰਵਾਨਾ ਹੋਇਆ ਦਿਖਾਇਆ ਗਿਆ ਹੈ। ਪਰਮਿੰਦਰ ਸਿੰਘ ਗਰੇਵਾਲ 14 ਅਗਸਤ ਨੂੰ ਆਪਣੇ ਟਰੱਕ ਨੰਬਰ ਪੀਬੀ 13ਡੀ-1741 ਟਰੱਕ ਯੂਨੀਅਨ ਰਾਏਕੋਟ ਦੀ ਬਿਲਟੀ ਅਨੁਸਾਰ ਖ਼ੁਰਾਕ ਨਿਗਮ ਦੇ ਡਿਪੂ ਤੋਂ ਸਰਕਾਰੀ ਅਨਾਜ ਬਿੰਜਲ ਪਿੰਡ ਦੇ ਡਿਪੂ ਲਈ ਭੇਜਿਆ ਗਿਆ ਸੀ ਪਰ ਠੇਕੇਦਾਰ ਤੇਲੂ ਰਾਮ ਦਾ ਟਰੱਕ ਨੰਬਰ ਪੀਬੀ 10ਬੀਐਚ-7783 ਗੇਟ ਪਾਸ ਰਾਹੀਂ ਦਿਖਾਇਆ ਗਿਆ ਹੈ। ਪਿਛਲੇ ਕੁਝ ਦਿਨਾਂ ਵਿਚ ਅਜਿਹੇ ਕਈ ਟਰੱਕ ਤੇਲੂ ਰਾਮ ਠੇਕੇਦਾਰ ਦੇ ਨਾਂ ਹੇਠ ਹਾਲੇ ਵੀ ਚਲਦੇ ਦਿਖਾਏ ਜਾ ਰਹੇ ਹਨ। ਚੌਕਸੀ ਵਿਭਾਗ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਖ਼ੁਰਾਕ ਨਿਗਮ ਅਤੇ ਖ਼ੁਰਾਕ ਸਪਲਾਈ ਵਿਭਾਗ ਤੋਂ ਇਸ ਸਬੰਧੀ ਰਿਕਾਰਡ ਤਲਬ ਕਰ ਕੇ ਮਾਮਲੇ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ।
ਰਿਸ਼ਵਤ ਮੰਗਣ ਸਬੰਧੀ ਵਾਇਰਲ ਵਟਸਐਪ ਚੈਟ ਦੀ ਜਾਂਚ ਸ਼ੁਰੂ
ਲੁਧਿਆਣਾ (ਗਗਨਦੀਪ ਅਰੋੜਾ): ਦਾਣਾ ਮੰਡੀ ਟਰਾਂਸਪੋਟੇਸ਼ਨ ਘੁਟਾਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਵਿੱਚ ਫੂਡ ਸਪਲਾਈ ਅਧਿਕਾਰੀ ਦੀ ਰਿਸ਼ਵਤ ਮੰਗਣ ਦੀ ਵਟਸਐਪ ਚੈਟ ਵਾਇਰਲ ਹੋਈ ਹੈ ਜਿਸ ’ਚ ਦੋ ਅਧਿਕਾਰੀ ਆਪਸ ’ਚ ਗੱਲ ਕਰ ਰਹੇ ਹਨ। ਉਹ ਆਸ਼ੂ ਤੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਚੋਣਾਂ ਤੋਂ ਪਹਿਲਾਂ ਹੋਈ ਰੈਲੀ ਲਈ ਫੰਡ ਇਕੱਠਾ ਕਰਨ ਦੀ ਗੱਲ ਕਰ ਰਹੇ ਹਨ। ਵਟਸਐਪ ਦੀ ਇਹ ਗੱਲਬਾਤ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਾਰੀ ਕੀਤੀ ਸੀ ਪਰ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਮਾਮਲੇ ਨੂੰ ਦਬਾਅ ਲਿਆ ਸੀ ਪਰ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਚੈਟ ਰਾਹੀਂ ਮੰਡੀਆਂ ’ਚ ਲੱਗਣ ਵਾਲੇ ਇੰਸਪੈਕਟਰਾਂ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਕਈ ਥਾਵਾਂ ਤੋਂ ਫੰਡ ਲੈਣ ਦੀ ਵੀ ਗੱਲ ਹੋ ਰਹੀ ਹੈ। ਇੱਕ ਅਧਿਕਾਰੀ ਤਾਂ ਇਹ ਕਹਿ ਰਿਹਾ ਹੈ ਕਿ ਜਿਥੋਂ ਕਿਤੋਂ ਪੈਸੇ ਆਉਣਗੇ, ਉਹ ਭੇਜ ਦੇਣਗੇ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਇਸ ਚੈਟ ਦਾ ਜ਼ਿਕਰ ਹੋਇਆ ਸੀ ਤਾਂ ਸਰਕਾਰ ਨੇ ਪਨਸਪ ਦੇ ਅਧਿਕਾਰੀ ਪ੍ਰਵੀਨ ਜੈਨ ਨੂੰ ਮੁਅੱਤਲ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿਰਫ ਢੁਆਈ ’ਚ ਨਹੀਂ ਬਲਕਿ ਅਨਾਜ ਖਰੀਦਣ ’ਚ ਵੀ ਵੱਡੇ ਪੱਧਰ ’ਤੇ ਘੁਟਾਲਾ ਹੋਇਆ ਹੈ। ਉਹ ਪਹਿਲਾਂ ਵੀ ਆਵਾਜ਼ ਉਠਾ ਚੁੱਕੇ ਹਨ, ਪਰ ਪਿਛਲੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਵਿਜੀਲੈਂਸ ਦੀ ਟੀਮ ਨੇ ਚੈਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।