ਪੱਤਰ ਪ੍ਰੇਰਕ
ਅਟਾਰੀ, 9 ਮਾਰਚ
ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਹਲਚਲ ਵੇਖ ਕੇ ਸੀਮਾ ਸੁਰੱਖਿਆ ਬਲ ਵੱਲੋਂ ਤੁਰੰਤ ਗੋਲੀਬਾਰੀ ਕੀਤੀ ਗਈ ਅਤੇ ਅੱਜ ਸਵੇਰੇ ਤਲਾਸ਼ੀ ਦੌਰਾਨ ਡਰੋਨ ਬਰਾਮਦ ਹੋਇਆ ਹੈ। ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਦੀ ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੀ ਸਰਹੱਦੀ ਚੌਕੀ ਹਵੇਲੀਆਂ ਨੇੜੇ ਤੜਕੇ ਢਾਈ ਵਜੇ ਡਰੋਨ ਦੀ ਆਵਾਜ਼ ਸੁਣੀ ਅਤੇ ਤੁਰੰਤ ਹਰਕਤ ’ਚ ਆਉਂਦਿਆਂ ਡਰੋਨ ਵੱਲ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਸਰਹੱਦ ਨੇੜੇ ਕਣਕ ਦੇ ਖੇਤ ਵਿੱਚੋਂ ਡਰੋਨ ਬਰਾਮਦ ਹੋਇਆ।