ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 14 ਮਈ
ਸਿਹਰਾ ਬੰਨ੍ਹ ਕੇ ਪੰਚਕੂਲਾ ਦੇ ਮੰਦਰ ਵਿੱਚ ਪੁੱਜੇ ਲਾੜੇ ਦੇ ਫੇਰੇ ਤਾਂ ਹੋ ਗਏ ਪਰ ਡੋਲੀ ਤੋਰਨ ਮੌਕੇ ਦੂਜੀ ਧਿਰ ਦੀ ਵਿਚੋਲਣ ਵੱਲੋਂ ਪੈਸੇ ਮੰਗਣ ’ਤੇ ਲਾੜੇ ਨੂੰ ਬਿਨਾਂ ਵਾਹੁਟੀ ਤੋਂ ਹੀ ਪਰਤਣਾ ਪਿਆ। ਜਾਣਕਾਰੀ ਮੁਤਾਬਕ ਇਥੋਂ ਦੇ ਇੱਕ ਪਿੰਡ ਦੇ ਗੁਰਪ੍ਰੀਤ ਸਿੰਘ ਤੇ ਉਸ ਦੇ ਪਰਿਵਾਰ ਨੂੰ ਇੱਕ ਵਿਚੋਲਣ ਰਿਸ਼ਤਾ ਕਰਵਾਉਣ ਲਈ ਥਾਂ-ਥਾਂ ਘੁੰਮਾਉਂਦੀ ਰਹੀ ਅਤੇ ਉਨ੍ਹਾਂ ਦਾ ਕਾਫ਼ੀ ਖ਼ਰਚ ਕਰਵਾ ਦਿੱਤਾ ਪਰ ਰਿਸ਼ਤਾ ਕਿਤੇ ਪੱਕਾ ਨਾ ਹੋਇਆ। ਦੋ ਦਿਨ ਪਹਿਲਾਂ ਵਿਚੋਲਣ ਨੇ ਦੱਸਿਆ ਕਿ ਹਰਿਆਣਾ ਵਿੱਚ ਗ਼ਰੀਬ ਪਰਿਵਾਰ ਦੀ ਲੜਕੀ ਹੈ। ਉਸ ਨੇ ਦੂਜੀ ਧਿਰ ਦੀ ਵਿਚੋਲਣ ਨਾਲ ਵੀ ਗੱਲ ਪੱਕੀ ਕਰ ਲਈ ਹੈ। ਨੌਜਵਾਨ ਪਰਿਵਾਰ ਸਣੇ ਪੰਚਕੂਲਾ ਪਹੁੰਚ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਸੁਮਨ ਨਾਂ ਦੀ ਲੜਕੀ ਨਾਲ ਉਸ ਦਾ ਵਿਆਹ ਹੋ ਗਿਆ। ਲੜਕੇ ਨੇ ਦੱਸਿਆ ਕਿ ਵਿਆਹ ਦੌਰਾਨ ਉਹ ਲੜਕੀ ਲਈ 50 ਹਜ਼ਾਰ ਰੁਪਏ ਖ਼ਰਚ ਕੇ ਕੱਪੜੇ ਤੇ ਹੋਰ ਹਾਰ-ਸ਼ਿੰਗਾਰ ਦਾ ਸਾਮਾਨ ਲੈ ਕੇ ਗਿਆ ਸੀ। ਵਿਚੋਲਣ ਨੇ ਪੰਜ ਹਜ਼ਾਰ ਨਗਦ ਵੀ ਵਸੂਲ ਲਏ ਸਨ। ਫੇਰਿਆਂ ਤੋਂ ਬਾਅਦ ਜਦੋਂ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਲੜਕੀ ਵਾਲਿਆਂ ਵੱਲੋਂ ਆਈ ਵਿਚੋਲਣ ਨੇ 50 ਹਜ਼ਾਰ ਰੁਪਏ ਮਿਲਣ ਤੋਂ ਬਾਅਦ ਹੀ ਡੋਲੀ ਤੋਰਨ ਦੀ ਸ਼ਰਤ ਰੱਖ ਦਿੱਤੀ। ਪੈਸੇ ਦੇਣ ਤੋਂ ਅਸਮਰਥ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਦੂਜੀ ਧਿਰ ਦੀ ਵਿਚੋਲਣ ਲਾੜੀ ਨੂੰ ਲੈ ਕੇ ਫ਼ਰਾਰ ਹੋ ਗਈ। ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਮਾਛੀਵਾੜਾ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।