ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਦਸੰਬਰ
ਪੋਹੀ ਮਹੀਨੇ ਦੀ ਹੱਡ ਚੀਰਵੀਂ ਠੰਢ ਵੀ ਪੱਕੇ ਰੋਸ ਧਰਨਿਆਂ ’ਚ ਡਟੇ ਸੰਘਰਸ਼ੀ ਕਿਸਾਨ ਯੋਧਿਆਂ ਦਾ ਹੌਸਲਾ ਨਾ ਤੋੜ ਸਕੀ। ਅੱਜ ਵੀ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਇਸ ਰੋਸ ਧਰਨੇ ’ਚ ਸ਼ਮੂਲੀਅਤ ਕੀਤੀ। ਘਰ ਅਤੇ ਖੇਤ ਛੱਡ ਕੇ ਸੈਂਕੜੇ ਕਿਸਾਨ ਤਰਪਾਲਾਂ ਵਾਲੀਆਂ ਟਰਾਲੀਆਂ ਦੇ ਬਣੇ ਰੈਣ ਬਸੇਰਿਆਂ ’ਚ ਠੰਢੀਆਂ ਰਾਤਾਂ ਗੁਜ਼ਾਰ ਰਹੇ ਹਨ। ਦੂਰ-ਦੂਰ ਰੈਣ ਬਸੇਰਾ ਬਣੀਆਂ ਟਰਾਲੀਆਂ ਦੀਆਂ ਕਤਾਰਾਂ ਦਿੱਲੀ ਦੇ ਟਿਕਰੀ ਬਾਰਡਰ ਦੇ ਸੰਘਰਸ਼ੀ ਮੋਰਚੇ ਦੀ ਤਸਵੀਰ ਪੇਸ਼ ਕਰ ਰਹੀਆਂ ਹਨ।
ਰੋਸ ਧਰਨੇ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਪੰਜਾਬ ਦੇ ਅਣਖੀ ਸੰਘਰਸ਼ੀ ਯੋਧੇ ਦਿੱਲੀ ਤੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਵਾਪਸ ਮੁੜੇ ਹਨ ਅਤੇ ਹੁਣ ਚੋਣਾਂ ਮੌਕੇ ਕੀਤੇ ਵਾਅਦੇ ਅਤੇ ਮੰਨੀਆਂ ਮੰਗਾਂ ਲਾਗੂ ਕਰਵਾ ਕੇ ਹੀ ਪਰਤਣਗੇ। ਉਨ੍ਹਾਂ ਕਿਹਾ ਕਿ ਜਾਗਰੂਕ ਹੋ ਚੁੱਕੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਹੁਣ ਸਿਆਸੀ ਪਾਰਟੀਆਂ ਚੋਣ ਲੁਭਾਊ ਅਤੇ ਝੂਠੇ ਵਾਅਦੇ ਕਰਕੇ ਗੁੰਮਰਾਹ ਨਹੀਂ ਕਰ ਸਕਦੀਆਂ। ਸਿਆਸੀ ਪਾਰਟੀਆਂ ਨੂੰ ਓਹੀ ਵਾਅਦੇ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਉਹ ਪੂਰਾ ਕਰ ਸਕਣ ਦੇ ਸਮਰੱਥ ਹੋਣ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜ ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮੂਆਫ਼ ਕੀਤਾ ਜਾਵੇ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮ-ਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਗੁਲਾਬੀ ਗੁੰਡੀ ਨਾਲ ਹੋਏ ਨੁਕਸਾਨ ਬਦਲੇ 17 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਦਿੱਤਾ ਜਾਵੇ, ਮਜ਼ਦੂਰਾਂ ਨੂੰ ਵੱਖਰਾ 10 ਫੀਸਦੀ ਮੁਆਵਜ਼ਾ ਦਿੱਤਾ ਜਾਵੇ, ਮਾਨਸਾ ’ਚ ਬੇਰੁਜ਼ਗਾਰ ਅਧਿਆਪਕਾਂ ਉੱਪਰ ਜਬਰ ਢਾਹੁਣ ਵਾਲੇ ਡੀਐੱਸਪੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਬਰਖਾਸਤ ਕੀਤਾ ਜਾਵੇ। ਇਸ ਮੌਕੇ ਅਜੈਬ ਸਿੰਘ ਲੱਖੇਵਾਲ, ਸੁਖਜੀਤ ਸਿੰਘ ਲੱਡਾ, ਬਹਾਦਰ ਸਿੰਘ ਭੂਟਾਲ, ਮਾਤਾ ਜਸਵੀਰ ਕੌਰ, ਕਿਰਪਾਲ ਸਿੰਘ ਧੂਰੀ, ਬਲਵੀਰ ਸਿੰਘ ਕੌਹਰੀਆਂ, ਹਰਪਾਲ ਸਿੰਘ ਪੇਧਨੀ, ਗੋਬਿੰਦਰ ਸਿੰਘ ਮੰਗਵਾਲ ਆਦਿ ਨੇ ਵੀ ਸੰਬੋਧਨ ਕੀਤਾ।