ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ/ਫਤਹਿਗੜ੍ਹ ਚੂੜੀਆਂ, 9 ਜੁਲਾਈ
ਪਿੰਡ ਸਰਫਕੋਟ ਵਿੱਚ ਇਕ 45 ਸਾਲਾ ਔਰਤ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ। ਡੇਰਾ ਬਾਬਾ ਨਾਨਕ ਥਾਣੇ ਦੇ ਮੁਖੀ ਅਵਤਾਰ ਸਿੰਘ ਦੱਸਿਆ ਕਿ ਜਤਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਕਤਲ ਕਰਕੇ ਲਾਸ਼ ਨੂੰ ਗੋਬਰ ਗੈਸ ਪਲਾਂਟ ਵਿਚ ਸੁੱਟ ਦਿੱਤਾ ਸੀ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਉਸ ਦੀ ਤਸਵੀਰ ਸਾਂਝੀ ਕਰ ਕੇ ਉਸ ਦੇ ਗੁੰਮਸ਼ੁਦਾ ਹੋਣ ਦਾ ਡਰਾਮਾ ਰਚਿਆ ਪਰ ਜਦੋਂ ਮ੍ਰਿਤਕਾ ਦੇ ਪਰਿਵਾਰ ਵੱਲੋਂ ਜਸਵਿੰਦਰ ’ਤੇ ਸ਼ੱਕ ਪ੍ਰਗਟਾਇਆ ਗਿਆ ਤਾਂ ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਜਤਿੰਦਰ ਕੌਰ ਦੀ ਲਾਸ਼ ਘਰ ਨੇੜੇ ਬਣੇ ਗੋਬਰ ਗੈਸ ਪਲਾਂਟ ਦੇ ਖੂਹ ’ਚੋਂ ਬਰਾਮਦ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਭਰਾ ਭੁਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਜਸਵਿੰਦਰ ਸਿੰਘ ਸਮੇਤ ਉਸ ਦੇ ਭਰਾ ਤੇ ਭੈਣ ਖ਼ਿਲਾਫ਼ ਧਾਰਾ 302 ,34 ਆਈਪੀਸੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।