ਘਨੌਲੀ: ਪਿੰਡ ਮਕੌੜੀ ਕਲਾਂ ਤੋਂ ਇਕ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਏ ਨੌਜਵਾਨ ਸੁਰਮੁਖ ਸਿੰਘ ਬੱਗਾ (40) ਦੀ ਲਾਸ਼ ਅੱਜ ਬਾਅਦ ਦੁਪਹਿਰ ਪਿੰਡ ਪੁੱਜ ਗਈ ਹੈ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਮੁਤਾਬਿਕ ਮ੍ਰਿਤਕ ਬੱਗਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੀ ਇੱਛਾ ਨਾਲ ਦੁਬਈ ਗਿਆ ਸੀ। ਉਹ ਦੁਬਈ ਵਿੱਚ ਗਟਰ ਦੀ ਮੁਰੰਮਤ ਕਰ ਰਿਹਾ ਸੀ ਤਾਂ ਗੈਸ ਚੜ੍ਹਨ ਉਪਰੰਤ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਦੁਬਈ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਨੌਜਵਾਨ ਦੀ ਲਾਸ਼ ਭਾਰਤ ਪਹੁੰਚ ਗਈ ਹੈ। ਉਸ ਦੇ ਪਰਿਵਾਰ ਵਿੱਚ ਦੋ ਲੜਕੀਆਂ, ਪਤਨੀ ਤੇ ਬਿਰਧ ਮਾਤਾ-ਪਿਤਾ ਹਨ। -ਪੱਤਰ ਪ੍ਰੇਰਕ