ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 11 ਸਤੰਬਰ
ਮੋਗਾ ਦੀ ਸਾਧਾਂ ਵਾਲੀ ਬਸਤੀ ਦੇ ਪਲਾਟ ਵਿੱਚੋਂ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਲੋਕਾਂ ਦਾ ਆਖਣਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।
ਜਾਣਕਾਰੀ ਅਨੁਸਾਰ ਰੋਹਿਤ (35) ਵਾਸੀ ਬਠਿੰਡਾ ਆਪਣੀ ਮਾਸੀ ਕੋਲ ਮੋਗਾ ਵਿੱਚ ਰਹਿ ਰਿਹਾ ਸੀ। ਉਸ ਦੀ ਲਾਸ਼ ਸਾਧਾਂ ਵਾਲੀ ਬਸਤੀ ਦੇ ਕਬਾੜ ਵਾਲੇ ਪਲਾਟ ਵਿੱਚ ਪਈ ਸੀ। ਰੋਹਿਤ ਦਾ ਮੋਟਰਸਾਈਕਲ ਵੀ ਕੋਲ ਹੀ ਖੜ੍ਹਾ ਸੀ। ਮੌਕੇ ’ਤੇ ਪੁੱਜੇ ਇੰਸਪੈਕਟਰ ਲਸ਼ਮਣ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਮਾਸੀ ਦੇ ਪੁੱਤਰ ਸੋਨੂੰ ਨੇ ਦੱਸਿਆ ਕਿ ਉਹ ਜਿਮ ਜਾਣ ਲਈ ਆਖ ਕੇ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਇਲਾਕਾ ਨਸ਼ਿਆਂ ਕਾਰਨ ਚਰਚਾ ਵਿੱਚ ਰਿਹਾ ਹੈ। ਸਮਾਜ ਸੇਵੀ ਗੁਰਸੇਵਕ ਸਿੰਘ ਸਨਿਆਸੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਵੀ ਇੱਥੇ ਇੱਕ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ।
ਅਣਪਛਾਤੀ ਲੜਕੀ ਦੀ ਲਾਸ਼ ਮਿਲੀ
ਜ਼ੀਰਾ (ਪੱਤਰ ਪ੍ਰੇਰਕ): ਪਿੰਡ ਰਟੌਲ ਬੇਟ ਦੇ ਖੇਤਾਂ ਵਿੱਚੋਂ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਹੈ। ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਨੇ ਖੇਤਾਂ ਵਿੱਚੋਂ ਨੌਜਵਾਨ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ। ਉਨ੍ਹਾਂ ਮੌਕੇ ’ਤੇ ਜਾ ਕੇ ਵੇਖਿਆ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਸਦਰ ਜ਼ੀਰਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਉਮਰ ਲਗਭਗ 25 ਸਾਲ ਹੈ। ਅਜੇ ਇਸ ਲੜਕੀ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਸੱਜੀ ਬਾਂਹ ’ਤੇ ‘ਮੌਮ ਡੈਡ’ ਅਤੇ ਖੱਬੀ ਬਾਂਹ ਉੱਤੇ ‘ਸੱਤਾ ਤੇ ਕਾਜਲ’ ਨਾਮ ਦੇ ਅੰਗਰੇਜ਼ੀ ਵਿੱਚ ਟੈਟੂ ਬਣੇ ਹੋਏ ਹਨ। ਪੜਤਾਲ ਕਰਨ ’ਤੇ ਲੜਕੀ ਦੇ ਹੱਥ ਉੱਪਰ ਇੱਕ ਮੋਬਾਈਲ ਨੰਬਰ ਵੀ ਲਿਖਿਆ ਮਿਲਿਆ ਹੈ। ਉਸ ਵਿਅਕਤੀ ਨੂੰ ਫੋਨ ਕਰ ਕੇ ਬੁਲਾਇਆ ਗਿਆ ਹੈ ਤਾਂ ਜੋ ਅੱਗੇ ਦੀ ਜਾਣਕਾਰੀ ਮਿਲ ਸਕੇ। ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਜ਼ੀਰਾ ਵਿੱਚ ਸ਼ਨਾਖ਼ਤ ਲਈ ਰਖਵਾ ਦਿੱਤਾ ਹੈ।