ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਅਪਰੈਲ
ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਸੰਧਵਾਂ ਨਾਲ ਸਬੰਧਤ 27 ਸਾਲਾ ਨਿਰਮਲ ਚੰਦ ਦੀ ਲਾਸ਼ ਅੱਜ ਸਰਬੱਤ ਦਾ ਭਲਾ ਟਰੱਸਟ ਵੱਲੋਂ ਦੁਬਈ ਤੋਂ ਇੱਥੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭੇਜੀ ਗਈ, ਜਿਸ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਹ ਵਿਅਕਤੀ ਲਗਪਗ ਢਾਈ ਸਾਲ ਪਹਿਲਾਂ ਦੁਬਈ ਗਿਆ ਸੀ, ਜਿੱਥੇ ਉਹ ਪੇਂਟਰ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਲੰਘੀ 2 ਫਰਵਰੀ ਨੂੰ ਇੱਕ ਇਮਾਰਤ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਦੁਬਈ ਪੁਲੀਸ ਨੇ ਭਾਰਤੀ ਦੂਤਾਵਾਸ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਵਾਰਸਾਂ ਨੂੰ ਜਾਣੂੰ ਕਰਾਇਆ ਗਿਆ। ਉਸ ਦੇ ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਟਰੱਸਟ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ, ਜਿਸ ਦੇ ਆਧਾਰ ’ਤੇ ਟਰੱਸਟ ਨੇ ਲੋੜੀਂਦੇ ਦਸਤਾਵੇਜ਼ ਮੁਕੰਮਲ ਕਰ ਕੇ ਨਿਰਮਲ ਚੰਦ ਦੀ ਦੇਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਬਜ਼ੁਰਗ ਮਾਂ ਨੂੰ ਟਰੱਸਟ ਵੱਲੋਂ ਦੋ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ ਹਵਾਈ ਅੱਡੇ ’ਤੇ ਟਰੱਸਟ ਦੀ ਸਥਾਨਕ ਇਕਾਈ ਦੇ ਆਗੂ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੰਘ ਸਿੱਧੂ, ਮਨਪ੍ਰੀਤ ਸੰਧੂ ਤੇ ਹੋਰਨਾਂ ਨੇ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ। ਇਸ ਮੌਕੇ ਨਿਰਮਲ ਚੰਦ ਦਾ ਭਰਾ ਰਵੀ ਕੁਮਾਰ ਤੇ ਹੋਰ ਪੁੱਜੇ ਹੋਏ ਸਨ, ਜਿਨ੍ਹਾਂ ਨੇ ਟਰੱਸਟ ਦਾ ਧੰਨਵਾਦ ਕੀਤਾ। ਟਰੱਸਟ ਵੱਲੋਂ ਹੁਣ ਤੱਕ 301 ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਦੁਬਈ ਤੋਂ ਭਾਰਤ ਭੇਜੀਆਂ ਜਾ ਚੁੱਕੀਆਂ ਹਨ।