ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਜਨਵਰੀ
ਇੱਥੋਂ ਨੇੜਲੇ ਪਿੰਡ ਕਾਕੜਾ ਵਿੱਚ ਬੀਤੀ ਦੇਰ ਸ਼ਾਮ ਸਰਬਜੀਤ ਸਿੰਘ (52) ਦੀ ਖੂਨ ਨਾਲ ਲਬਿੜੀ ਲਾਸ਼ ਉਸ ਦੇ ਆਪਣੇ ਘਰ ਅੰਦਰ ਮੰਜੇ ’ਤੇ ਪਈ ਮਿਲੀ।
ਆਪਣੇ ਨਾਨਕੇ ਘਰ ਵਿੱਚ ਰਹਿੰਦੇ ਸਰਬਜੀਤ ਸਿੰਘ ਦੇ ਭਾਣਜੇ ਗੁਰਮੀਤ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਉਸ ਦੇ ਮਾਮੇ ਦੀ ਕੋਈ ਚੋਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸਰਬਜੀਤ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਜੋ ਨਾਭਾ ਵਿੱਚ ਆਪਣੇ ਪੇਕੇ ਘਰ ਰਹਿੰਦੀ ਹੈ, ਨੇ ਦੋਸ਼ ਲਗਾਇਆ ਕਿ ਸਰਬਜੀਤ ਸਿੰਘ ਦਾ ਉਸ ਦੇ ਭਾਣਜੇ ਗੁਰਮੀਤ ਸਿੰਘ ਨੇ ਕਤਲ ਕੀਤਾ ਹੈ, ਕਿਉਂਕਿ ਸਰਬਜੀਤ ਦਾ ਉਸ ਨਾਲ ਥਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਭਵਾਨੀਗੜ੍ਹ ਪੁਲੀਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ। ਥਾਣਾ ਮੁਖੀ ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਸਿੰਘ ਦਾ ਉਸ ਦੇ ਭਾਣਜੇ ਗੁਰਮੀਤ ਸਿੰਘ ਨਾਲ ਥਾਂ ਨੂੰ ਲੈ ਕੇ ਬੀਤੀ ਸ਼ਾਮ ਝਗੜਾ ਹੋਇਆ ਸੀ। ਹੱਥੋਪਾਈ ਦੌਰਾਨ ਸਰਬਜੀਤ ਸਿੰਘ ਹੇਠਾਂ ਡਿੱਗ ਗਿਆ ਤੇ ਇਸ ਦੌਰਾਨ ਕੋਈ ਸੀਸ਼ਾ ਵਗੈਰ੍ਹਾ ਉਸ ਦੇ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ।