ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਜੁਲਾਈ
ਸਥਾਨਕ ਬਾਜ਼ੀਗਰ ਕਲੋਨੀ ਦੇ ਵਾਸੀ ਕਾਲਾ ਰਾਮ ਦੇ ਨੌਜਵਾਨ ਪੁੱਤਰ ਮੱਖਣ ਸਿੰਘ (26) ਦੀ ਅੱਜ ਨੇੜੇ ਵਗਦੀ ਸਰਹਿੰਦ ਨਹਿਰ ਵਿੱਚੋਂ ਲਾਸ਼ ਮਿਲ ਗਈ ਹੈ। ਨੌਜਵਾਨ ਇੱਕ ਜੁਲਾਈ ਤੋਂ ਲਾਪਤਾ ਸੀ। ਨੌਜਵਾਨ ਦੇ ਪਿਤਾ ਕਾਲਾ ਰਾਮ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਨੌਜਵਾਨ ਮੱਖਣ ਸਿੰਘ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਦਾਸ ਰਹਿ ਰਿਹਾ ਸੀ। ਪੁੱਛਣ ’ਤੇ ਉਸ ਨੇ ਕਿਹਾ ਕਿ ਉਸ ਦਾ ਮਨ ਠੀਕ ਨਹੀਂ ਅਤੇ ਜੀਅ ਨਹੀਂ ਲੱਗਦਾ। ਕਾਫ਼ੀ ਸਮਾਂ ਉਸ ਨੂੰ ਸਮਝਾਇਆ ਵੀ। ਨੌਜਵਾਨ ਮੱਖਣ ਸਿੰਘ ਲੰਘੀ 1 ਜੁਲਾਈ ਨੂੰ ਰੋਜ਼ਾਨਾ ਦੀ ਵਾਂਗ ਪ੍ਰਾਪਰਟੀ ਡੀਲਰ ਦੀ ਦੁਕਾਨ ’ਤੇ ਕੰਮ ਲਈ ਗਿਆ ਅਤੇ ਜਦੋਂ ਵਾਪਸ ਸ਼ਾਮ ਨੂੰ ਘਰ ਨਾ ਆਇਆ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਸੀ ਕਿ ਉਸ ਨੇ ਨੇੜੇ ਵਗਦੀ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ ਜਿਸ ਦੀ ਪਿਛਲੇ ਕੁਝ ਦਿਨਾਂ ਤੋਂ ਤਲਾਸ਼ ਜਾਰੀ ਸੀ। ਅੱਜ ਸਵੇਰੇ ਉਸ ਦੀ ਲਾਸ਼ ਨਹਿਰ ਪੁਲ ਕਟਾਣਾ ਸਾਹਿਬ ਨੇੜੇ ਪਾਣੀ ਵਿਚ ਤੈਰਦੀ ਮਿਲੀ, ਜਿਸ ਨੂੰ ਗੋਤਾਖੋਰਾਂ ਦੀ ਮੱਦਦ ਨਾਲ ਬਾਹਰ ਕਢਵਾਇਆ ਗਿਆ। ਪੁਲੀਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਿਕੰਦਰ ਰਾਜ ਨੇ ਦੱਸਿਆ ਕਿ ਪਿਤਾ ਕਾਲਾ ਰਾਮ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਧਾਰਾ 174 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਸੜਕ ਹਾਦਸੇ ਵਿੱਚ ਐੱਨਸੀਸੀ ਹੌਲਦਾਰ ਦੀ ਮੌਤ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਮਾਡਲ ਟਾਊਨ ਦੇ ਇਲਾਕੇ ਇਸ਼ਮੀਤ ਚੌਕ ਵਿੱਚ ਇੱਕ ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਵਾਲਦਾਰ ਸਟੀਫਨ ਖਾਲਖੋ (33 ਸਾਲ) ਵਾਸੀ ਛੱਤੀਸਗੜ੍ਹ ਵਜੋਂ ਕੀਤੀ ਗਈ ਹੈ। ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਇਸ ਬਾਰੇ ਦੁੱਗਰੀ ਵਾਸੀ ਗੁਰਵਿੰਦਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਆਪਣੀ ਕਾਰ ’ਤੇ ਜਦੋਂ ਇਸ਼ਮੀਤ ਚੌਕ ਵੱਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇਕ ਕੈਂਟਰ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਕੈਂਟਰ ਅੱਗੇ ਜਾ ਰਹੇ ਮੋਟਰਸਾਈਕਲ ਵਿੱਚ ਮਾਰਿਆ। ਇਸ ਨਾਲ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਤੀਜੀ ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਦਾ ਹਵਾਲਦਾਰ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕੈਂਟਰ ਨੰਬਰ ਜੀਜੇ 04 ਏਵੀ 9412 ਕਬਜ਼ੇ ਵਿੱਚ ਲੈ ਕੇ ਇਸ ਦੇ ਡਰਾਈਵਰ ਅਸ਼ਵਨੀ ਭਿਈ ਵਾਸੀ ਗੁਜਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।