ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 8 ਦਸੰਬਰ
ਪਿੰਡ ਚੁੰਨੀ ਕਲਾਂ ਵਿਚ ਸਥਿਤ ਆਪਣੇ ਘਰੋਂ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਪਿੰਡ ਸੈਂਪਲੀ ਲਈ ਨਿਕਲੇ ਇੱਕ ਵਿਅਕਤੀ ਦੀ ਲਾਸ਼ ਪਿੰਡ ਦੇ ਟੋਭੇ ’ਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਚੁੰਨੀ ਕਲਾਂ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਵਾਸੀ ਚੁੰਨੀ ਕਲਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦਾ 42 ਸਾਲਾ ਪੁੱਤਰ ਹਰਜਿੰਦਰ ਸਿੰਘ ਉਰਫ ਵਿੱਕੀ ਰਿਲਾਇੰਸ ਵੇਅਰਹਾਊਸ, ਖਾਨਪੁਰ ਵਿੱਚ ਨੌਕਰੀ ਕਰਦਾ ਸੀ। 4 ਦਸੰਬਰ ਦੀ ਸ਼ਾਮ ਨੂੰ ਉਹ ਆਪਣੇ ਦੋਸਤ ਦਲਜਿੰਦਰ ਸਿੰਘ ਵਾਸੀ ਸੈਂਪਲੀ ਦੇ ਵਿਆਹ ਸਬੰਧੀ ਰੱਖੇ ਲੇਡੀਜ਼ ਸੰਗੀਤ ਸਮਾਗਮ ’ਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਘਰ ਵਾਪਸ ਨਹੀਂ ਮੁੜਿਆ। ਉਸ ਦੀ ਭਾਲ ਕੀਤੀ ਜਾਣ ਲੱਗੀ ਤਾਂ ਹਰਜਿੰਦਰ ਸਿੰਘ ਦੀ ਲਾਸ਼ ਪਿੰਡ ਸੈਂਪਲੀ ਦੇ ਟੋਭੇ ਦੇ ਪਾਣੀ ’ਚ ਤੈਰਦੀ ਮਿਲੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇੜੇ ਜਾ ਕੇ ਦੇਖਿਆ ਤਾਂ ਮ੍ਰਿਤਕ ਹਰਜਿੰਦਰ ਸਿੰਘ ਦੇ ਸਿਰ ਦੇ ਵਾਲ ਖੁੱਲ੍ਹੇ ਹੋਏ ਸਨ ਅਤੇ ਉਸ ਨੇ ਪਜਾਮਾ ਤੇ ਅੰਦਰਲੇ ਕੱਪੜੇ ਵੀ ਨਹੀਂ ਸੀ ਪਹਿਨੇ ਹੋਏ। ਨਛੱਤਰ ਸਿੰਘ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਲੜਕੇ ਹਰਜਿੰਦਰ ਸਿੰਘ ਨੂੰ ਪਾਣੀ ’ਚ ਡੁਬੋ ਕੇ ਮਾਰਿਆ ਹੈ ਜਾਂ ਕਤਲ ਕਰ ਕੇ ਉਸ ਦੀ ਲਾਸ਼ ਟੋਭੇ ਦੇ ਪਾਣੀ ’ਚ ਸੁੱਟੀ ਗਈ ਹੈ। ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।