ਜਸਵੰਤ ਜੱਸ
ਫ਼ਰੀਦਕੋਟ, 19 ਸਤੰਬਰ
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਅਤੇ ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ ਫ਼ਰੀਦ ਦੀ ਯਾਦ ਵਿੱਚ ਅੱਜ ਇੱਥੇ ਪੰਜ ਰੋਜ਼ਾ ਆਗਮਨ ਪੁਰਬ ਸ਼ੁਰੂ ਹੋ ਗਿਆ ਹੈ। ਆਗਮਨ ਪੁਰਬ ਦੀ ਸ਼ੁਰੂਆਤ ਟਿੱਲਾ ਬਾਬਾ ਫ਼ਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਹੋਈ। 19 ਤੋਂ 23 ਸਤੰਬਰ ਤੱਕ ਚੱਲਣ ਵਾਲੇ ਇਸ ਆਗਮਨ ਪੁਰਬ ਵਿੱਚ ਕਾਫ਼ਲਾ-ਏ-ਵਿਰਾਸਤ, ਖੇਡ ਮੇਲੇ, ਸੱਭਿਆਚਾਰਕ ਮੁਕਾਬਲੇ, ਪੇਂਟਿੰਗ, ਪੁਸਤਕ ਮੇਲਾ ਅਤੇ ਹੋਰ ਦਰਜਨਾਂ ਵੰਨਗੀਆਂ ਦੇ ਸਮਾਗਮ ਉਲੀਕੇ ਗਏ ਹਨ।
ਇਸ ਸਬੰਧੀ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਇਸ ਵਾਰ ਆਗਮਨ ਪੁਰਬ ’ਤੇ ਕਰਾਫ਼ਟ ਮੇਲੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜੋ 28 ਸਤੰਬਰ ਤੱਕ ਚੱਲੇਗਾ। ਆਗਮਨ ਪੁਰਬ ਵਿੱਚ ਦੇਸ਼ ਭਰ ਤੋਂ ਸੰਗਤ, ਕਲਾਕਾਰ ਅਤੇ ਖਿਡਾਰੀਆਂ ਨੇ ਸ਼ਮੂਲੀਅਤ ਕਰਨੀ ਹੈ। ਇਸ ਲਈ ਸ਼ਹਿਰ ਵਿੱਚ ਵੱਡੇ ਵਾਹਨਾਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਟਿੱਲਾ ਬਾਬਾ ਫਰੀਦ ਦੇ ਆਸਪਾਸ ਕੋਈ ਵੀ ਵਾਹਨ ਨਹੀਂ ਜਾ ਸਕੇਗਾ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਸਟਾਲਾਂ, ਝੂਲੇ ਅਤੇ ਹੋਰ ਸਮਾਗਮ ਇਸ ਵਾਰ ਸਟੇਡੀਅਮ ਵਿੱਚ ਕਰਵਾਉਣ ਦੀ ਥਾਂ ਨਵੀਂ ਅਨਾਜ ਮੰਡੀ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਅੱਜ ਆਗਮਨ ਪੁਰਬ ਦੇ ਸ਼ੁਰੂਆਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਗਮਨ ਪੁਰਬ ਦੇ ਆਖ਼ਰੀ ਦਿਨ ਮਨੁੱਖਤਾ ਦੀ ਸੇਵਾ ਬਦਲੇ ਵਾਤਾਵਰਨ ਪ੍ਰੇਮੀ ਸੰਦੀਪ ਅਰੋੜਾ ਤੇ ਇਮਾਨਦਾਰੀ ਬਦਲੇ ਆਈ.ਏ.ਐੱਸ ਅਧਿਕਾਰੀ ਕੁਲਵੰਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਕੁਲਤਾਰ ਸੰਧਵਾਂ ਵੱਲੋਂ ਪੁਸਤਕ ਮੇਲੇ ਦਾ ਉਦਘਾਟਨ
ਇਤਿਹਾਸਕ ਬ੍ਰਿਜਿੰਦਰਾ ਕਾਲਜ ਵਿੱਚ ਆਗਮਨ ਪੁਰਬ ਦੇ ਪਹਿਲੇ ਦਿਨ ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਲਾਏ ਗਏ ਪੁਸਤਕ ਮੇਲੇ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੀ ਹਾਜ਼ਰ ਸਨ। ਵਿਧਾਇਕ ਸੇਖੋਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੁਸਤਕ ਮੇਲੇ ਦੀ ਸ਼ਾਨ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਤੇ ਅਗਾਂਹਵਧੂ ਸਾਹਿਤ ਨਰੋਏ ਸਮਾਜ ਦੀ ਸਿਰਜਣਾ ਕਰੇਗਾ।