ਇਕਬਾਲ ਸਿੰਘ ਸ਼ਾਂਤ
ਲੰਬੀ, 12 ਫਰਵਰੀ
ਲੰਬੀ ਹਲਕੇ ’ਤੇ ਸਾਲ 1977 ਵਿੱਚ ਅਕਾਲੀ ਦਲ ਦੀ ਸਿਆਸੀ ਸਰਦਾਰੀ ਕਾਇਮ ਹੋਈ ਸੀ। ਪਿਛਲੇ 45 ਸਾਲਾਂ ਤੋਂ ਲੰਬੀ ਹਲਕੇ ਵਿੱਚ ਅਕਾਲੀ ਦਲ ਦਾ ਕਰੀਬ ਔਸਤਨ 54 ਫ਼ੀਸਦੀ ਵੋਟਾਂ ’ਤੇ ਸਿਆਸੀ ਵਜੂਦ ਲਗਾਤਾਰ ਬਰਕਰਾਰ ਹੈ।
ਲੰਬੀ ਵਿੱਚ 2017 ਵਿੱਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਪੂਰੀ ਵਾਹ ਦੇ ਬਾਵਜੂਦ ਅਕਾਲੀ ਦਲ ਦੇ 50 ਫ਼ੀਸਦੀ ਵੋਟਾਂ ਤੋਂ ਵੱਧ ਵਾਲੇ ਮਾਅਰਕੇ ਨੂੰ 49.95 ਫ਼ੀਸਦੀ ਵੋਟਾਂ ਤੋਂ ਡੇਗ ਨਹੀਂ ਸਕੇ ਸਨ। ਲੰਬੀ ਦਾ ਪਹਿਲਾ ਸਿਆਸੀ ਅਖਾੜਾ 1962 ਵਿੱਚ ਉੱਪ ਚੋਣ ਵਜੋਂ ਭਖਿਆ ਸੀ, ਜਦੋਂ ਕਾਂਗਰਸ ਦੇ ਉਮੀਦਵਾਰ ਉਜਾਗਰ ਸਿੰਘ ਨੇ ਅਕਾਲੀ ਦਲ ਦੇ ਤੇਜਾ ਸਿੰਘ ਨੂੰ 11 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਾਲ 1977 ਵਿੱਚ ਐਮਰਜੈਂਸੀ ਲੱਗਣ ਮਗਰੋਂ ਲੰਬੀ ਹਲਕੇ ਦੀ ਕਮਾਨ ਬਾਦਲ ਪਰਿਵਾਰ ਦੇ ਹੱਥ ਆ ਗਈ। ਸਾਲ 1977 ’ਚ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨੇ ਅਕਾਲੀ ਦਲ ਦੀ ਟਿਕਟ ’ਤੇ 55.51 ਫ਼ੀਸਦੀ ਵੋਟਾਂ ਨਾਲ ਕਾਂਗਰਸ ਦੇ ਗੁਰਦਰਸ਼ਨ ਸਿੰਘ ਨੂੰ ਹਰਾਇਆ ਸੀ। 1980 ਵਿੱਚ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਹਰਦੀਪਇੰਦਰ ਸਿੰਘ ਬਾਦਲ ਨੇ ਹੁਣ ਤੱਕ ਸਭ ਤੋਂ ਵੱਧ ਫ਼ੀਸਦੀ 59.33 ਵੋਟਾਂ ਨਾਲ ਕਾਂਗਰਸ ਦੇ ਗੁਰਦਰਸ਼ਨ ਸਿੰਘ ਨੂੰ ਹਾਰ ਦਿੱਤੀ।
ਸਾਲ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਤੋਂ ਲੰਬੀ ਵੱਲ ਰੁਖ਼ ਕਰਨ ਨਾਲ ਇੱਥੋਂ ਦੀ ਸਿਆਸੀ ਫਿਜ਼ਾ ਵੱਕਾਰੀ ਹੋ ਗਈ। ਲੰਬੀ ਦੇ ਚੋਣ ਪਿੜ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਤੱਕ 2007 ’ਚ ਕਾਂਗਰਸ ਦੇ ਮਹੇਸ਼ਇੰਦਰ ਸਿੰਘ ਬਾਦਲ ਤੋਂ ਸਖ਼ਤ ਮੁਕਾਬਲਾ ਮਿਲਿਆ, ਜਿੱਥੇ ਬਾਦਲ ਪਰਿਵਾਰ ਨੂੰ 51.4 ਫ਼ੀਸਦੀ ਵੋਟਾਂ ਮਿਲੀਆਂ। ਐਤਕੀਂ 2022 ਦੀ ਛੇਵੀਂ ਚੋਣ ’ਚ ਪ੍ਰਕਾਸ਼ ਸਿੰਘ ਬਾਦਲ ਦਾ ਮੁਕਾਬਲਾ ‘ਆਪ’, ਕਾਂਗਰਸ, ਭਾਜਪਾ ਸਮੇਤ ਛੇ ਉਮੀਦਵਾਰਾਂ ਨਾਲ ਹੈ।