ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਜਨਵਰੀ
ਮੱਧ ਪ੍ਰਦੇਸ਼ ਦੇ ਮੰਦਸੌਰ ’ਚ ਫਿਰਕਾਪ੍ਰਸਤਾਂ ਵੱਲੋਂ ਮਸਜਿਦ ’ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਮਸਜਿਦ ’ਤੇ ਲੱਗੇ ਇਲਸਾਮੀ ਝੰਡੇ ਉਤਾਰ ਕੇ ਉੱਥੇ ਭਗਵਾਂ ਝੰਡਾ ਲਗਾਉਣ ਦੀ ਘਟਨਾ ਅਫ਼ਸੋਸਨਾਕ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਦੇਸ਼ ’ਚ ਲਗਾਤਾਰ ਹੋ ਰਹੀ ਗੁੰਡਾਗਰਦੀ ’ਤੇ ਖਾਮੋਸ਼ ਹੈ ਅਤੇ ਇਹ ਖਾਮੋਸ਼ੀ ਸਰਕਾਰਾਂ ਲਈ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਤੇ ਖਾਸ ਕਰ ਘੱਟ-ਗਿਣਤੀ ਫ਼ਿਰਕੇ ਦੀ ਸੁਰੱਖਿਆ ਕਰਨ ’ਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਮੰਦਸੌਰ ਦੇ ਪੁਲੀਸ ਕਪਤਾਨ ਅਤੇ ਜ਼ਿਲ੍ਹਾ ਪ੍ਰਮੁੱਖ ਨੂੰ ਬਰਖਾਸਤ ਕਰ ਕੇ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।