ਪੱਤਰ ਪ੍ਰੇਰਕ
ਬਠਿੰਡਾ, 28 ਜੁਲਾਈ
ਭਾਰਤੀ ਜਨਤਾ ਪਾਰਟੀ ਵੱਲੋਂ ਲਾਏ ਗਏ ਤਿੰਨ ਰੋਜ਼ਾ ਸਿਖਲਾਈ ਕੈਂਪ ਦੇ ਦੂਜੇ ਦਿਨ ਭਾਜਪਾ ਦੇ ਨਵੇਂ ਪੁਰਾਣੇ ਵਾਲੰਟੀਅਰਾਂ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜਨ ਸੰਘ ਤੋਂ ਭਾਜਪਾ ਤੱਕ ਦੇ ਸਫ਼ਰ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਪੰਜਾਬ ਵਿੱਚ ਕਦੇ ਵੀ ਅਜਿਹੇ ਹਾਲਾਤ ਨਹੀਂ ਪੈਦਾ ਹੋਏ, ਜਿਹੋ ਜਿਹੇ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਦਾ ਕੀਤੇ ਹਨ। ਸੂਬੇ ਵਿੱਚ ਹਰ ਪਾਸੇ ਬਦਅਮਨੀ ਦਾ ਮਾਹੌਲ ਹੈ। ਸੂਬੇ ਵਿੱਚ ਲੈਂਡ ਮਾਫੀਆ, ਰੇਤ ਮਾਫੀਆ, ਲੁਟੇਰਿਆਂ ਅਤੇ ਗੈਂਗਸਟਰਾਂ ਦਾ ਰਾਜ ਹੈ। ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੋ ਗਈ ਹੈ। ਪੰਜਾਬ ਵਿੱਚ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਜਨਤਾ ਡਰੀ ਹੋਈ ਹੈ। ਇਸ ਮੌਕੇ ਜੀਵਨ ਗੁਪਤਾ , ਭਾਜਪਾ ਦੇ ਕੌਮੀ ਸਕੱਤਰ ਅਤੇ ਭਾਜਪਾ ਦੇ ਸੂਬਾਈ ਸੂਬਾ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ, ਵਿਨੈ ਸ਼ਰਮਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਮੁੱਖ ਸੂਬਾਈ ਬੁਲਾਰੇ ਅਨਿਲ ਸਰੀਨ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਹੋਣ ਵਾਲੇ ਅਖੀਰਲੇ ਦਿਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਦੂਜੇ ਸੈਸ਼ਨ ਵਿਚ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸਲੂ ਅਤੇ ਤੀਜੇ ਸੈਸ਼ਨ ਵਿਚ ਭਾਜਪਾ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੀਐੱਲ ਸੰਤੋਸ਼ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ।