ਆਤਿਸ਼ ਗੁਪਤਾ/ਸਰਬਜੀਤ ਭੰਗੂ/ਬਹਾਦਰ ਸਿੰਘ
ਚੰਡੀਗੜ੍ਹ/ਪਟਿਆਲਾ/ਰਾਜਪੁਰਾ, 2 ਅਪਰੈਲ
ਪੰਜਾਬ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਖਰੀਦ ਦੇ ਦੂਜੇ ਦਿਨ ਵੀ ਮੰਡੀਆਂ ਵਿੱਚ ਕਣਕ ਦੀ ਆਮਦ ਦਾ ਕੰਮ ਮੱਠਾ ਰਿਹਾ। ਪਹਿਲੇ ਦੋ ਦਿਨਾਂ ਵਿੱਚ ਸੂਬੇ ਭਰ ਵਿੱਚ ਤਿੰਨ ਤੋਂ ਚਾਰ ਮੰਡੀਆਂ ਵਿੱਚ ਹੀ ਕਣਕ ਦੀ ਆਮਦ ਹੋਈ ਹੈ। ਜ਼ਿਲ੍ਹਾ ਪਟਿਆਲਾ ਦੀ ਰਾਜਪੁਰਾ ਮੰਡੀ ਵਿੱਚ ਬੀਤੇ ਦਿਨ ਕਣਕ ਦੀ ਬੋਲੀ ਸ਼ੁਰੂ ਹੋ ਗਈ ਸੀ। ਉੱਧਰ ਪੰਜਾਬ ਸਰਕਾਰ ਨੇ ਪਹਿਲੇ ਦਿਨ ਕਣਕ ਵੇਚਣ ਵਾਲੇ ਪਿੰਡ ਮੁਹੱਬਤਪੁਰ ਦੇ ਵਸਨੀਕ ਕਸ਼ਮੀਰ ਸਿੰਘ ਨੂੰ 24 ਘੰਟਿਆਂ ਦੇ ਅੰਦਰ ਬਣਦੀ ਅਦਾਇਗੀ ਕਰ ਦਿੱਤੀ ਹੈ।
ਪੰਜਾਬ ਮੰਡੀ ਬੋਰਡ ਦੇ ਜੀਐੱਮ ਇਨਫੋਰਸਮੈਂਟ ਸੁਖਬੀਰ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਦੂਜੇ ਦਿਨ ਸ਼ਾਮ ਤੱਕ ਪਟਿਆਲਾ ਜ਼ਿਲ੍ਹੇ ਦੀਆਂ ਦੋ ਮੰਡੀਆਂ ਅਤੇ ਖੰਨਾ ਦੀ ਇਕ ਮੰਡੀ ਵਿੱਚ ਹੀ ਕਣਕ ਦੀ ਆਮਦ ਸ਼ੁਰੂ ਹੋ ਸਕੀ ਹੈ।
ਕਣਕ ਦੀ ਸਰਕਾਰੀ ਖਰੀਦ ਆਰੰਭ ਹੋਣ ਤੋਂ ਦੂਜੇ ਦਿਨ ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿੱਚ 450 ਕੁਇੰਟਲ ਕਣਕ ਦੀ ਆਮਦ ਹੋਈ, ਜਿਸ ’ਚੋਂ 170 ਕੁਇੰਟਲ ਕਣਕ ਸਰਕਾਰੀ ਏਜੰਸੀਆਂ ਨੇ ਖਰੀਦੀ। ਦੋ ਦਿਨਾਂ ਵਿੱਚ ਮੰਡੀ ’ਚ ਆਈ ਕਰੀਬ 610 ਕੁਇੰਟਲ ਕਣਕ ’ਚੋਂ 260 ਕੁਇੰਟਲ ਕਣਕ ਦੀ ਖਰੀਦ ਹੋਈ ਹੈ ਜਦ ਕਿ 350 ਕੁਇੰਟਲ ਕਣਕ ਵਧੇਰੇ ਨਮੀ ਕਾਰਨ ਵਿਕਣ ਤੋਂ ਰਹਿ ਗਈ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਲੇਬਰ ਅਤੇ ਟਰਾਂਸਪੋਰਟ ਦੇ ਠੇਕੇ ਪੂਰੇ ਕਰ ਲਏ ਗਏ ਹਨ। ਇਸ ਨਾਲ ਸੂਬੇ ਭਰ ਦੀਆਂ ਮੰਡੀਆਂ ਵਿੱਚ ਮਜ਼ਦੂਰਾਂ ਅਤੇ ਟਰੱਕਾਂ ਦੀ ਪੂਰਨ ਉਪਲਬਧਤਾ ਸੰਭਵ ਹੋ ਗਈ ਹੈ। 6 ਅਪਰੈਲ ਤੋਂ ਬਾਅਦ ਮਾਲਵਾ ਖੇਤਰ ਦੀਆਂ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਕਣਕ ਪੁੱਜਣ ਦੀ ਉਮੀਦ ਹੈ ਜਦੋਂ ਕਿ ਮਾਝੇ ਦੇ ਜ਼ਿਲ੍ਹਿਆਂ ਵਿੱਚ ਆਮਦ 12 ਅਪਰੈਲ ਤੋਂ ਬਾਅਦ ਦੇਖਣ ਨੂੰ ਮਿਲੇਗੀ।