ਕਰਮਜੀਤ ਸਿੰਘ ਚਿੱਲਾ
ਬਨੂੜ, 7 ਸਤੰਬਰ
ਬਨੂੜ ਦੀ ਮੰਡੀ ਵਿੱਚ ਅੱਜ ਨਵੇਂ ਝੋਨੇ ਦੀ ਆਮਦ ਸ਼ੁਰੂ ਹੋ ਗਈ। ਪਿੰਡ ਮਨੌਲੀ ਸੂਰਤ ਦਾ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਦਲੇਰ ਸਿੰਘ ਅੱਜ ਕੰਬਾਈਨ ਨਾਲ ਕਟਾਏ ਆਪਣੇ ਝੋਨੇ ਨੂੰ ਅੱਜ ਮੰਡੀ ’ਚ ਲੈ ਕੇ ਆਇਆ। ਕਿਸਾਨ ਨੇ ਦੱਸਿਆ ਕਿ ਸਰਕਾਰੀ ਖਰੀਦ ਆਰੰਭ ਹੋਣ ਵਿੱਚ ਹਾਲੇ ਤਿੰਨ ਹਫ਼ਤੇ ਪਏ ਹਨ, ਜਿਸ ਕਰਕੇ ਉਹ ਇੱਥੋਂ ਝੋਨਾ ਸੁਕਾ ਕੇ ਆਪਣੇ ਘਰ ਲੈ ਕੇ ਸਾਂਭੇਗਾ।
ਕਿਸਾਨ ਨੇ ਦੱਸਿਆ ਕਿ ਉਸ ਦੇ ਝੋਨੇ ਉੱਤੇ ਬੂਟੇ ਮਧਰੇ ਰਹਿਣ ਵਾਲਾ ਰੋਗ ਲੱਗਣ ਕਾਰਨ 60 ਤੋਂ 70 ਫ਼ੀਸਦੀ ਝੋਨੇ ਦੇ ਬੂਟੇ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਉਸ ਨੇ 64 ਵਿੱਘੇ ਥਾਂ 9 ਹਜ਼ਾਰ ਪ੍ਰਤੀ ਵਿੱਘੇ ਦੀ ਦਰ ਉੱਤੇ ਠੇਕੇ ਉੱਤੇ ਲੈ ਕੇ ਝੋਨਾ ਲਾਇਆ ਸੀ।
ਉਨ੍ਹਾਂ ਕਿਹਾ ਸਾਢੇ ਚਾਰ ਹਜ਼ਾਰ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਉਸ ਦਾ ਖਰਚ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਕੁੱਲ 18 ਵਿੱਘੇ ਝੋਨਾ ਕਟਵਾਇਆ ਹੈ ਤੇ ਇਸ ਵਿੱਚੋਂ ਮਸਾਂ 20 ਕੁਇੰਟਲ ਦੇ ਕਰੀਬ ਝੋਨਾ ਨਿਕਲਿਆ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਸ ਦਾ 80 ਫ਼ੀਸਦੀ ਤੋਂ ਵੱਧ ਨੁਕਸਾਨ ਹੋ ਚੁੱਕਿਆ ਹੈ।
ਕਿਸਾਨ ਨੇ ਦੱਸਿਆ ਕਿ ਝੋਨੇ ਦੇ ਮਧਰੇ ਬੂਟਿਆਂ ਸਬੰਧੀ ਉਹ ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਕੋਲ ਬੇਨਤੀਆਂ ਕਰ ਚੁੱਕਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਵੱਲੋਂ ਝੋਨੇ ਦਾ ਨਿਰੀਖ਼ਣ ਕਰਨ ਦੇ ਬਾਵਜੂਦ ਕੋਈ ਗਿਰਦਾਵਰੀ ਵਗੈਰਾ ਨਹੀਂ ਕਰਵਾਈ ਗਈ।
ਕਿਸਾਨ ਨੇ ਕਿਹਾ ਕਿ ਉਸ ਨੂੰ ਠੇਕਾ ਵੀ ਪੱਲਿਉਂ ਦੇਣਾ ਪਵੇਗਾ ਅਤੇ ਖਰਚਾ ਵੀ ਵਾਪਸ ਨਹੀਂ ਹੋਵੇਗਾ। ਇਸੇ ਦੌਰਾਨ ਕਿਸਾਨ ਆਗੂਆਂ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਕਰਾਲਾ, ਸਤਨਾਮ ਸਿੰਘ ਖਲੌਰ, ਗੁਰਪ੍ਰੀਤ ਸਿੰਘ ਸੇਖਨਮਾਜਰਾ ਨੇ ਆਖਿਆ ਕਿ ਸਮੁੱਚੇ ਬਨੂੜ ਖੇਤਰ ਵਿੱਚ ਵੱਡੀ ਪੱਧਰ ਉੱਤੇ ਝੋਨੇ ਦੇ ਬੂਟੇ ਮਧਰੇ ਰਹਿ ਗਏ ਹਨ ਤੇ ਅਗੇਤੇ ਝੋਨੇ ਦਾ 30 ਤੋਂ 60 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਨੁਕਸਾਨੇ ਝੋਨੇ ਲਈ ਵਿਸ਼ੇਸ਼ ਗਿਰਦਾਵਰੀ ਕਰਾਈ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।