ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਮਾਲਵਾ ਪੱਟੀ ਦੀਆਂ ਮੰਡੀਆਂ ’ਚ ਨਰਮੇ ਦੀ ਅਗੇਤੀ ਫ਼ਸਲ ਵਿਕਣ ਲਈ ਆਉਣੀ ਸ਼ੁਰੂ ਹੋ ਗਈ ਹੈ। ਮੰਡੀ ’ਚ ਅਗੇਤਾ ਨਰਮਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਇਸ ਵਾਰ ਫਸਲ ਦੇ ਚੰਗੇ ਝਾੜ ਦੀ ਉਮੀਦ ਹੈ। ਨਰਮੇ ਦੇ ਖਰੀਦਦਾਰਾਂ ਅਤੇ ਆੜ੍ਹਤੀਆਂ ਨੇ ਭਾਅ ਪੱਖੋਂ ਵੀ ਇਸ ਜਿਣਸ ਦੇ ਚੰਗੀ ਰਹਿਣ ਦੀ ਆਸ ਪ੍ਰਗਟਾਈ ਹੈ। ਅੱਜ ਮਾਨਸਾ ਦੀ ਮੰਡੀ ਵਿੱਚ 9611 ਰੁਪਏ ਪ੍ਰਤੀ ਕੁਇੰਟਲ ਨਰਮੇ ਦੀ ਖਰੀਦ ਹੋਈ ਹੈ, ਜਦਕਿ ਹਾਲੇ ਇਹ ਨਰਮਾ ਚੰਗੀ ਤਰ੍ਹਾਂ ਖਿੜਿਆ ਹੋਇਆ ਵੀ ਨਹੀਂ ਸੀ। ਇਸ ਵਾਰ ਲੰਬੇ ਰੇਸ਼ੇ ਵਾਲੇ ਨਰਮੇ ਦੀ ਕੀਮਤ 6025 ਰੁਪਏ ਪ੍ਰਤੀ ਕੁਇੰਟਲ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੀ ਅਨਾਜ ਮੰਡੀ ਵਿੱਚ ਅੱਜ ਪਹਿਲੇ ਦਿਨ ਨਰਮਾ ਵੇਚਣ ਆਏ ਪਿੰਡ ਰੱਲਾ ਦੇ ਕਿਸਾਨ ਮਲਕੀਤ ਸਿੰਘ ਦਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਹਾਰ ਪਾ ਕੇ ਸਨਮਾਨ ਕੀਤਾ ਗਿਆ। ਉੱਧਰ, ਵਪਾਰਕ ਹਲਕਿਆਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਜੇਕਰ ਨਰਮੇ ਦੀ ਕੀਮਤ ਸਾਢੇ ਨੌਂ ਹਜ਼ਾਰ ਰੁਪਏ ਦੇ ਨੇੜੇ-ਤੇੜੇ ਪੁੱਜੀ ਹੈ ਤਾਂ ਸੀਜ਼ਨ ਜ਼ੋਰਾਂ ’ਤੇ ਹੋਣ ਦੌਰਾਨ ਜਿਣਸ ਦਾ ਭਾਅ 15 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਲੱਗਣ ਦੀ ਗੁੰਜਾਇਸ਼ ਹੈ।
ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਮੰਡੀ ਵਿੱਚ ਕਿਸਾਨ ਇਕ ਕੁਇੰਟਲ ਨਰਮੇ ਦੀ ਫਸਲ ਵੇਚਣ ਆਇਆ ਸੀ, ਜਿਸ ਨੂੰ 9611 ਰੁਪਏ ਦੇ ਹਿਸਾਬ ਨਾਲ ਖਰੀਦ ਲਿਆ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਚੰਦ, ਰਾਜ ਕੁਮਾਰ ਫਰਮ ’ਤੇ ਵਿਕਣ ਆਈ ਫਸਲ ਨੂੰ ਜਿੰਦਲ ਟਰੇਡਿੰਗ ਕੰਪਨੀ ਵੱਲੋਂ ਖਰੀਦਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਐੱਮਐੱਸਪੀ ਤੋਂ ਉਪਰ ਨਰਮਾ ਵਿਕ ਰਿਹਾ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਹਰਜਨਕ ਸਿੰਘ, ਸੰਦੀਪ ਸਿੰਘ ਤੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਅਗੇਤਾ ਨਰਮਾ ਮੰਡੀਆਂ ’ਚ ਆਉਣ ਨਾਲ ਇਕੱਲੀ ਕਿਸਾਨੀ ਨੂੰ ਹੀ ਨਹੀਂ ਸਗੋਂ ਇਸ ਨਾਲ ਆੜ੍ਹਤੀਏ, ਕਾਰਖਾਨੇਦਾਰ, ਮਾਰਕੀਟ ਕਮੇਟੀ ਅਤੇ ਹੋਰ ਧਿਰਾਂ ਨੂੰ ਲਾਭ ਪੁੱਜੇਗਾ।
ਸਰਦੂਲਗੜ੍ਹ ਦੀ ਮੰਡੀ ਵਿੱਚ 9571 ਰੁਪਏ ਕੁਇੰਟਲ ਵਿਕਿਆ ਨਰਮਾ
ਸਰਦੂਲਗੜ੍ਹ (ਬਲਜੀਤ ਸਿੰਘ): ਅਨਾਜ ਮੰਡੀ ਸਰਦੂਲਗੜ੍ਹ ’ਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ। ਪਿੰਡ ਸਾਧੂਵਾਲਾ ਦਾ ਕਿਸਾਨ ਨਛੱਤਰ ਸਿੰਘ ਆਪਣਾ ਇੱਕ ਕੁਇੰਟਲ ਨਰਮਾ ਲੈ ਕੇ ਸਾਹਿਲ ਕੁਮਾਰ ਐਂਡ ਕੰਪਨੀ ਕਮਿਸ਼ਨ ਏਜੰਟ ਦੀ ਦੁਕਾਨ ’ਤੇ ਪਹੁੰਚਿਆ ਜਿਸ ਨੂੰ ਭਾਰਤ ਭੂਸ਼ਨ ਕਮਿਸ਼ਨ ਏਜੰਟ ਨੇ 9571 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ। ਇਸ ਮੌਕੇ ਜੀਵਨ ਕੁਮਾਰ, ਭਗਵੰਤ ਰਾਏ, ਭਾਰਤ ਭੂਸ਼ਨ ਕਾਲੂ, ਦੁਰਗਾ ਦਾਸ ਮੀਰਪੁਰ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਬਹੁਤੇ ਕਿਸਾਨਾਂ ਨੇ ਨਰਮੇ ਦੀ ਫਸਲ ਵਾਹ ਦਿੱਤੀ ਹੈ। ਨਰਮੇ ਹੇਠ ਰਕਬਾ ਘਟਣ ਕਾਰਨ ਇਸ ਦੀਆਂ ਕੀਮਤਾਂ ਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਹੈ।