ਜਸਵੰਤ ਜੱਸ
ਫ਼ਰੀਦਕੋਟ, 27 ਮਈ
ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਖ਼ਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨ ਦਾ ਜ਼ਿੰਮਾ ਹੁਣ ਭਾਰਤੀ ਫ਼ੌਜ ਨੇ ਚੁੱਕਿਆ ਹੈ। ਪ੍ਰਧਾਨ ਮੰਤਰੀ ਰਾਹਤ ਖਾਤੇ ਵਿੱਚੋਂ ਭੇਜੇ ਗਏ ਵੈਂਟੀਲੇਟਰ ਲੋੜ ਵੇਲੇ ਨਹੀਂ ਚੱਲੇ ਜਿਸ ਦਾ ਖਮਿਆਜ਼ਾ ਮਾਲਵੇ ਦੇ 10 ਜ਼ਿਲ੍ਹਿਆਂ ਦੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਪੱਛਮੀ ਕਮਾਂਡ ਦੇ ਪ੍ਰਮੁੱਖ ਅਧਿਕਾਰੀ ਵਿਜੈ ਕੁਮਾਰ ਦੇਸ਼ਮੁੱਖ ਨੇ ਕਿਹਾ ਕਿ ਵੈਂਟੀਲੇਟਰਾਂ ਨੂੰ ਠੀਕ ਕਰਨ ਲਈ ਫੌਜ ਨੇ ਆਪਣੀਆਂ ਸੇਵਾਵਾਂ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧੀ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਜਾਣੂ ਕਰਵਾ ਦਿੱਤਾ ਹੈ। ਫੌਜੀ ਮਾਹਿਰਾਂ ਦੀ ਟੀਮ ਸ਼ੁੱਕਰਵਾਰ ਨੂੰ ਮੈਡੀਕਲ ਕਾਲਜ ਵਿੱਚ ਪਹੁੰਚ ਜਾਵੇਗੀ ਅਤੇ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ। ਇਸ ਵੇਲੇ ਮੈਡੀਕਲ ਕਾਲਜ ਵਿੱਚ 119 ਵੈਂਟੀਲੇਟਰ ਹਨ ਜਿਨ੍ਹਾਂ ਵਿੱਚੋਂ 54 ਵੈਂਟੀਲੇਟਰ ਖ਼ਰਾਬ ਹਨ। ਹਾਲਾਂਕਿ ਯੂਨੀਵਰਸਿਟੀ ਨੇ ਅੱਜ 20 ਵੈਂਟੀਲੇਟਰ ਠੀਕ ਕਰਨ ਦਾ ਦਾਅਵਾ ਕੀਤਾ ਹੈ, ਪ੍ਰੰਤੂ ਭਾਰਤ ਸਰਕਾਰ ਵੱਲੋਂ ਭੇਜੇ ਵੈਂਟੀਲੇਟਰ ਲਗਾਤਾਰ ਖ਼ਰਾਬ ਹੋ ਰਹੇ ਹਨ ਜਿਸ ਕਰਕੇ ਫੌਜ ਦੀ ਪੱਛਮੀ ਕਮਾਂਡ ਨੇ ਹੁਣ ਆਪਣੇ ਮਾਹਿਰਾਂ ਦੀਆਂ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਵੈਂਟੀਲੇਟਰ ਵੇਚਣ ਵਾਲੀ ਇੱਕ ਨਿੱਜੀ ਕੰਪਨੀ ਪਿਛਲੇ ਕਾਫੀ ਦਿਨਾਂ ਤੋਂ ਵੈਂਟੀਲੇਟਰਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਸ ਨਿੱਜੀ ਕੰਪਨੀ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਜਿਸ ਕਰਕੇ ਹੁਣ ਭਾਰਤੀ ਫੌਜ ਨੂੰ ਅੱਗੇ ਆਉਣਾ ਪਿਆ।