ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਪੰਜਾਬ ਵਿਚ ਮਜ਼ਦੂਰ ਸੰਕਟ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਰਾਹ ਪੱਧਰੇ ਕਰ ਦਿੱਤੇ ਹਨ, ਜਿਸ ਦੇ ਸਿੱਟੇ ਵਜੋਂ ਕਰੀਬ 25 ਫੀਸਦੀ ਰਕਬਾ ਸਿੱਧੀ ਬਿਜਾਈ ਹੇਠ ਆਉਣ ਦੀ ਸੰਭਾਵਨਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ (ਡੀਐੱਸਆਰ) ਦੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ 40 ਤੋਂ 50 ਫੀਸਦੀ ਤੱਕ ਸਬਸਿਡੀ ’ਤੇ ਸਿੱਧੀ ਬਿਜਾਈ ਵਾਲੀਆਂ 4000 ਮਸ਼ੀਨਾਂ ਅਤੇ ਝੋਨਾ ਲਾਉਣ ਵਾਲੀਆਂ 800 ਮਸ਼ੀਨਾਂ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਇਸ ਵਾਰ ਕਰੀਬ ਪੰਜ ਲੱਖ ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ ਮਿਥਿਆ ਸੀ ਪਰ ਮਜ਼ਦੂਰਾਂ ਦੀ ਕਮੀ ਤੇ ਕਿਸਾਨਾਂ ਦੀ ਨਵੀਂ ਤਕਨਾਲੋਜੀ ’ਚ ਦਿਲਚਸਪੀ ਕਾਰਨ ਇਹ ਰਕਬਾ 6-7 ਲੱਖ ਹੈਕਟੇਅਰ ਤੱਕ ਪੁੱਜ ਸਕਦਾ ਹੈ।