ਦਵਿੰਦਰ ਪਾਲ
ਚੰਡੀਗੜ੍ਹ, 11 ਅਕਤੂਬਰ
ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਹੁਣ ਨਵਾਂ ਪੇਚ ਫਸ ਗਿਆ ਹੈ। ਰਾਜਪਾਲ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਦੇ ਉਪ ਕੁਲਪਤੀ ਦੀ ਨਿਯੁਕਤੀ ਨੂੰ ਹਰੀ ਝੰਡੀ ਦੇਣ ਦੇ ਮਾਮਲੇ ’ਤੇ ਸਵਾਲ ਖੜ੍ਹੇ ਕਰਦਿਆਂ ਫਾਈਲ ਸਰਕਾਰ ਨੂੰ ਵਾਪਸ ਭੇਜ ਦਿੱਤੀ ਹੈ। ਸੂਤਰਾਂ ਅਨੁਸਾਰ ਰਾਜਪਾਲ ਨੇ ਸਰਕਾਰ ਨੂੰ ਇਸ ਵੱਕਾਰੀ ਨਿਯੁਕਤੀ ਲਈ ਤਿੰਨ ਹਸਤੀਆਂ ਦੇ ਨਾਮ ’ਤੇ ਅਧਾਰਿਤ ਪੈਨਲ ਭੇਜਣ ਲਈ ਕਿਹਾ ਹੈ ਤਾਂ ਜੋ ਇਨ੍ਹਾਂ ਵਿਚੋਂ ਇੱਕ ਦੀ ਚੋਣ ਕਰਕੇ ਨਿਯੁਕਤੀ ਕੀਤੀ ਜਾ ਸਕੇ। ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਦਿਲ ਦੇ ਰੋਗਾਂ ਦੇ ਡਾਕਟਰ ਗੁਰਪ੍ਰੀਤ ਸਿੰਘ ਵਾਂਦਰ ਦੇ ਨਾਮ ਨੂੰ ਪ੍ਰਵਾਨਗੀ ਦੇਣ ਅਤੇ ਇਸ ਨਿਯੁਕਤੀ ਲਈ ਫਾਈਲ ਰਾਜਪਾਲ ਨੂੰ ਭੇਜੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਨਿਯੁਕਤੀ ਦਾ ਐਲਾਨ ਕੀਤਾ ਸੀ। ਰਾਜਪਾਲ ਵੱਲੋਂ ਫਾਈਲ ਵਾਪਸ ਭੇਜੇ ਜਾਣ ਨਾਲ ਡਾ. ਵਾਂਦਰ ਦੀ ਨਿਯੁਕਤੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਾ. ਵਾਂਦਰ ਦੀ ਨਿਯੁਕਤੀ ਨੂੰ ਮੈਰਿਟ ’ਤੇ ਉਪਰ ਰਖਦਿਆਂ ਨਿਯੁਕਤੀ ਦੀ ਬੇਨਤੀ ਕੀਤੀ ਗਈ ਸੀ। ਫਾਈਲ ਮੁੜ ਤੋਂ ਰਾਜਪਾਲ ਦਫ਼ਤਰ ਨੂੰ ਭੇਜੀ ਜਾਵੇਗੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਰਾਣੀ ਰਵਾਇਤ ਤਿੰਨ ਨਾਵਾਂ ਦਾ ਪੈਨਲ ਭੇਜਣ ਦੀ ਹੈ, ਪਰ ਕਈ ਵਾਰ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਨਿਯੁਕਤੀ ਸਬੰਧੀ ਰਾਜਪਾਲ ਨੂੰ ਅਣ-ਅਧਿਕਾਰਤ ਤੌਰ ’ਤੇ ਜ਼ੁਬਾਨੀ ਦੱਸ ਦਿੱਤਾ ਜਾਂਦਾ ਸੀ। ਹਾਲ ਦੀ ਘੜੀ ਸਰਕਾਰ ਅਤੇ ਰਾਜਪਾਲ ਦਰਮਿਆਨ ਚੱਲ ਰਹੀ ਕੁੜੱਤਣ ਕਾਰਨ ਸਰਕਾਰ ਨੂੰ ਖ਼ਦਸ਼ਾ ਹੈ ਕਿ ਜੇਕਰ ਤਿੰਨ ਹਸਤੀਆਂ ’ਤੇ ਅਧਾਰਿਤ ਪੈਨਲ ਭੇਜਿਆ ਜਾਂਦਾ ਹੈ ਤਾਂ ਕੀ ਰਾਜਪਾਲ ਵੱਲੋਂ ਉਸੇ ਨਾਮ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ, ਜਿਸ ਦੀ ਨਿਯੁਕਤੀ ਸਰਕਾਰ ਚਾਹੁੰਦੀ ਹੈ। ਕਾਇਦੇ ਨਾਲ ਪੰਜਾਬ ਸਰਕਾਰ ਨੇ ਅਹਿਮ ਨਿਯੁਕਤੀਆਂ ਸਬੰਧੀ ਰਾਜਪਾਲ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ। ਇਹ ਮਾਮਲਾ ਭਵਿੱਖ ’ਚ ਵੀ ਸਰਕਾਰ ਲਈ ਨਮੋਸ਼ੀ ਦਾ ਕਾਰਨ ਬਣ ਸਕਦਾ ਹੈ। ਰਾਜਪਾਲ ਪੁਰੋਹਿਤ ਵੱਲੋਂ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਲਿਆਂਦੇ ਇੱਕ ਆਰਡੀਨੈਂਸ ਨੂੰ ਵਾਪਸ ਭੇਜ ਚੁੱਕੇ ਹਨ। ਰਾਜਪਾਲ ਨੇ 22 ਸਤੰਬਰ ਨੂੰ ਬੁਲਾਇਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਰੱਦ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਚੰਡੀਗੜ੍ਹ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਗੈਰਹਾਜ਼ਰੀ ਸਬੰਧੀ ਵੀ ਰਾਜਪਾਲ ਵੱਲੋਂ ਜਨਤਕ ਤੌਰ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਹੈ।
ਰਾਜਪਾਲ ਕੋਲ ਤਿੰਨ ਨਾਵਾਂ ਦਾ ਪੈਨਲ ਭੇਜਾਂਗੇ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਰਾਜਪਾਲ ਕੋਲ ਤਿਨ ਨਾਵਾਂ ਦਾ ਪੈਨਲ ਭੇਜਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਪੰਜਾਬ ਦੇ ਰਾਜਪਾਲ ਦਰਮਿਆਨ ਕੋਈ ਮੱਤਭੇਦ ਨਹੀਂ ਹਨ। ਪੰਜਾਬ ਸਰਕਾਰ ਮਹਿੰਗਾਈ, ਬੇਰੁਜ਼ਗਾਰੀ, ਮਾਫੀਆ ਅਤੇ ਹੋਰ ਬੁਰਾਈਆਂ ਖ਼ਿਲਾਫ਼ ਹੈ ਪਰ ਰਾਜਪਾਲ ਨਾਲ ਸੁਖਾਵੇਂ ਸਬੰਧ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਚਾਹੁਣ ਤਾਂ ਸੂਬਾ ਸਰਕਾਰ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਤਿੰਨ ਨਾਵਾਂ ਦਾ ਪੈਨਲ ਉਨ੍ਹਾਂ ਕੋਲ ਭੇਜੇਗੀ, ਨਹੀਂ ਤਾਂ ਆਮ ਰਵਾਇਤ ਰਹੀ ਹੈ ਕਿ ਰਾਜਪਾਲ ਸੂਬਾ ਸਰਕਾਰ ਵੱਲੋਂ ਪ੍ਰਸਤਾਵਿਤ ਨਾਮ ’ਤੇ ਸਹਿਮਤੀ ਦਿੰਦੇ ਹਨ।