ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਅਕਤੂਬਰ
‘ਪੰਜਾਬ ਦਿਵਸ’ ਮੌਕੇ ਅੱਜ ਗ਼ਦਰੀ ਬਾਬਿਆਂ ਦਾ ਮੇਲਾ ਉਨ੍ਹਾਂ ਹਾਲਾਤ ’ਚ ਹੋ ਰਿਹਾ ਹੈ ਜਦੋਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ’ਚ ਗ਼ਦਰ ਮਚਿਆ ਹੋਇਆ ਹੈ। ਅਜਿਹੇ ਮੌਕੇ ਹੋਣ ਵਾਲੇ 29ਵੇਂ ਗ਼ਦਰੀ ਬਾਬਿਆਂ ਦੇ ਮੇਲੇ ’ਚ ਭਖਦੇ ਮਸਲਿਆਂ ’ਤੇ ਹੋਣ ਵਾਲੀ ਚਰਚਾ ਨਾਲ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਨਵੀਂ ਗੂੰਜ ਪਵੇਗੀ। ਮੇਲੇ ਦੀ ਸ਼ੁਰੂਆਤ ‘ਝੰਡੇ ਦੇ ਗੀਤ’ ਨਾਲ ਹੋਵੇਗੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਉੱਘੇ ਨਾਟਕਕਾਰ ਡਾ. ਸਵਰਾਜਬੀਰ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਅਨੂਪਮਾ ਮੁੱਖ ਬੁਲਾਰੇ ਹੋਣਗੇ। ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੇਲੇ ’ਚ ਅੱਧੀ ਦਰਜਨ ਦੇ ਕਰੀਬ ਨਾਟਕ ਪਹਿਲੀ ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੇਡੇ ਜਾਣਗੇ।