ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਆਗੂਆਂ ਨੇ ਕੇਂਦਰ ਦੀ ਭਾਜਪਾ ਹਕੂਮਤ ਵਲੋਂ ਪੰਜਾਬ ਅਤੇ ਦੇਸ਼ ਦੀ ਸਰਹੱਦ ਦੇ ਪੰਜਾਹ ਕਿਲੋਮੀਟਰ ਦੇ ਘੇਰੇ ਨੂੰ ਬੀਐਸਐਫ ਦੇ ਹਵਾਲੇ ਕਰਨ ਦੇ ਫੈਸਲੇ ਦਾ ਸਖਤ ਨੋਟਿਸ ਲੈਂਦਿਆਂ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਧੇ ਪੰਜਾਬ ਦਾ ਕਬਜ਼ਾ ਅਸਲ ਵਿਚ ਕਿਸਾਨ ਸੰਘਰਸ਼ ਨੂੰ ਦੱਬਣ ਦੀ ਚਾਲ ਹੈ। ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਸਿਰੇ ਦਾ ਜਮਹੂਰੀਅਤ ਘਾਤੀ ਕਰਾਰ ਦਿੰਦਿਆਂ ਇਸ ਨੂੰ ਸੰਘੀ ਢਾਂਚੇ ’ਤੇ ਤਿੱਖਾ ਹਮਲਾ ਕਰਾਰ ਦਿੱਤਾ ਗਿਆ। ਕਾਮਰੇਡ ਅਜਮੇਰ ਸਿੰਘ, ਕਾਮਰੇਡ ਬੰਤ ਬਰਾੜ, ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਕਾਮਰੇਡ ਕਿਰਨਜੀਤ ਸਿੰਘ ਸੇਖੋਂ ਕੇਂਦਰ ਸਰਕਾਰ ਲੋਕ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਹੈ।