ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਅਗਸਤ
ਕੱਚੇ ਅਧਿਆਪਕਾਂ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮੂਹਿਕ ਰੂਪ ਵਿਚ ਅਸਤੀਫ਼ੇ ਦੇੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਇੱਥੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰਾਂ ਨੇ ਇੱਕ ਮੀਟਿੰਗ ਮਗਰੋਂ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਨੇ ਕਿਹਾ ਕਿ ਕੱਚੇ ਅਧਿਆਪਕ ਪਿਛਲੇ 18-18 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਿਗੂਣੀਆਂ ਤਨਖਾਹਾਂ ’ਤੇ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ਦਾ ਸਮੇਂ ਦੀਆਂ ਸਰਕਾਰਾਂ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਧਿਆਪਕਾਂ ਨੂੰ ਘੱਟੋ ਘੱਟ ਤਨਖਾਹ 36 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਐਲਾਨ ਕੀਤਾ ਕਿ 15 ਅਗਸਤ ਨੂੰ ਜਿੱਥੇ ਵੀ ਮੁੱਖ ਮੰਤਰੀ ਭਗਵੰਤ ਮਾਨ ਝੰੰਡਾ ਲਹਿਰਾਉਣ ਪੁੱਜਣਗੇ, ਉਥੇ ਪੁੱਜ ਕੇ ਕੱਚੇ ਅਧਿਆਪਕ ਆਪਣੇ ਅਸਤੀਫ਼ੇ ਦੇਣਗੇ।
ਪੁਰਾਣੀ ਪੈਨਸ਼ਨ ਬਹਾਲੀ ਲਈ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੱਦੇ ’ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਸੈਂਕੜੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ 28 ਜੂਨ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਮੁਹਾਲੀ ਵਿੱਚ ਕੀਤੇ ਗਏ ਐਕਸ਼ਨ ਦੌਰਾਨ ਵਿੱਤ ਮੰਤਰੀ ਪੰਜਾਬ ਨੇ ਬਜਟ ਸੈਸ਼ਨ ਤੋਂ ਬਾਅਦ ਜਥੇਬੰਦੀ ਨਾਲ ਮੀਟਿੰਗ ਦਾ ਵਾਅਦਾ ਕੀਤਾ ਸੀ ਪਰ ਡੇਢ ਮਹੀਨਾ ਬੀਤਣ ’ਤੇ ਵੀ ਮੀਟਿੰਗ ਨਹੀਂ ਕੀਤੀ। ਰੋਸ ਮਾਰਚ ਦੌਰਾਨ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਪੁੱਜਣਾ ਸੀ ਪਰ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੇ ਰਾਹ ਵਿੱਚ ਹੀ ਮੰਗ ਪੱਤਰ ਲੈਂਦਿਆਂ 17 ਅਗਸਤ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਜਥੇਬੰਦੀ ਦੀ ਵਿੱਤ ਮੰਤਰੀ ਨਾਲ ਮੀਟਿੰਗ ਦਾ ਲਿਖਤੀ ਪੱਤਰ ਸੌਂਪ ਦਿੱਤਾ। ਇਸ ਮਗਰੋਂ ਮੁਲਾਜ਼ਮਾਂ ਨੇ ਆਪਣਾ ਰੋਸ ਮਾਰਚ ਮੁਲਤਵੀ ਕਰ ਦਿੱਤਾ।