ਲਖਵਿੰਦਰ ਸਿੰਘ
ਮਲੋਟ, 31 ਅਕਤੂਬਰ
ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਹਰਦੇਵ ਸਿੰਘ ਗੋਬਿੰਦਗੜ੍ਹ ਵਿਵਾਦਾਂ ਵਿੱਚ ਘਿਰ ਗਏ ਹਨ। ਅਕਾਲੀ ਆਗੂ ਪ੍ਰਿਥੀ ਰਾਮ ਮੇਘਰਾਜ ਨੇ ਉਨ੍ਹਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਣ ਅਤੇ ਡੇਰਾ ਪ੍ਰੇਮੀ ਹੋਣ ਦਾ ਦਾਅਵਾ ਕਰਦਿਆਂ ਪਾਰਟੀ ਹਾਈਕਮਾਂਡ ਨੂੰ ਇਸ ਫ਼ੈਸਲੇ ’ਤੇ ਮੁੜ ਗੌਰ ਕਰਨ ਦੀ ਮੰਗ ਕੀਤੀ ਹੈ।
ਸ੍ਰੀ ਮੇਘਰਾਜ ਨੇ ਦੱਸਿਆ ਕਿ ਐਲਾਨੇ ਗਏ ਉਮੀਦਵਾਰ ਹਰਦੇਵ ਸਿੰਘ ’ਤੇ ਥਾਣਾ ਸਦਰ ਅਬੋਹਰ ਵਿੱਚ 25 ਸਤੰਬਰ 1996 ਨੂੰ ਐੱਨਡੀਪੀਐੱਸ ਐਕਟ ਤਹਿਤ ਛੇ ਸੌ ਗ੍ਰਾਮ ਅਫੀਮ ਦਾ ਕੇਸ ਨੰਬਰ-155 ਦਰਜ ਹੋਇਆ ਸੀ। ਇਸ ਤੋਂ ਇਲਾਵਾ ਉਹ ਡੇਰਾ ਸਿਰਸਾ ਦਾ ਪ੍ਰੇਮੀ ਹੈ, ਜਦਕਿ ਅਕਾਲੀ ਦਲ ਪੰਥਕ ਪਾਰਟੀ ਹੈ। ਸਬੂਤ ਵਜੋਂ ਉਨ੍ਹਾਂ ਵੱਖ-ਵੱਖ ਅਖ਼ਬਾਰਾਂ ਦਿਖਾਉਂਦਿਆਂ ਕਿਹਾ ਕਿ ਹਰਦੇਵ ਸਿੰਘ ਇੰਸਾਂ ਦੇ ਨਾਂ ’ਤੇ ਉਸ ਦੀਆਂ ਖ਼ਬਰਾਂ ਛਪਦੀਆਂ ਰਹੀਆਂ ਹਨ। ਉਨ੍ਹਾਂ ਉਹ ਟਵੀਟ ਵੀ ਦਿਖਾਏ ਜਿਸ ਵਿੱਚ ਹਰਦੇਵ ਸਿੰਘ ਨੇ ਅੰਦੋਲਨਕਾਰੀ ਕਿਸਾਨਾਂ ਸਬੰਧੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਦਾ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ।
ਪ੍ਰਿਥੀ ਰਾਮ ਨੇ ਕਿਹਾ ਕਿ ਉਹ ਆਪਣੀ ਪਤਨੀ ਸਮੇਤ ਸੱਤ ਵਾਰ ਪਿੰਡ ਦੇ ਮੈਂਬਰ ਪੰਚਾਇਤ ਅਤੇ ਇੱਕ ਵਾਰ ਸਰਪੰਚ ਰਹੇ ਹਨ। ਉਹ 35 ਸਾਲਾਂ ਤੋਂ ਪਾਰਟੀ ਵਿੱਚ ਬਤੌਰ ਸੇਵਾਦਾਰ ਕੰਮ ਕਰ ਰਹੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਟਿਕਟ ਦਾ ਭਰੋਸਾ ਦੇਣ ਦੇ ਬਾਵਜੂਦ ਟਿਕਟ ਕੱਟ ਦਿੱਤੀ ਗਈ। ਉਨ੍ਹਾਂ ਸੁਖਬੀਰ ਨੂੰ ਇਸ ’ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਵਿਰੋਧੀਆਂ ਵੱਲੋਂ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼: ਹਰਦੇਵ ਸਿੰਘ
ਹਰਦੇਵ ਸਿੰਘ ਨੇ ਕਿਹਾ ਕਿ ਵਿਰੋਧੀ ਆਗੂ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਫੀਮ ਦੇ ਕੇਸ ’ਚੋ ਬਰੀ ਹੋ ਗਏ ਸਨ। ਜਿਥੋਂ ਤੱਕ ਸੋਸ਼ਲ ਮੀਡੀਆ ’ਤੇ ਕਿਸਾਨਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੀ ਗੱਲ ਹੈ ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਹੈ।