ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਅਕਤੂਬਰ
ਖੇਤੀ ਕਾਨੂੰਨਾਂ ਸਮੇਤ ਵੱਖ-ਵੱਖ ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਰੇਲਵੇ-ਲਾਈਨਾਂ, ਕਾਰਪੋਰੇਟ ਘਰਾਣਿਆਂ ਦੇ ਤੇਲ-ਪੰਪਾਂ ਅਤੇ ਟੌਲ-ਪਲਾਜ਼ਿਆਂ ’ਤੇ ਧਰਨੇ ਪ੍ਰਦਰਸ਼ਨ ਕਰ ਰਹੇ ਪੰਜਾਬ ਭਰ ਦੇ ਕਿਸਾਨਾਂ ਵੱਲੋਂ 11 ਅਕਤੂਬਰ ਨੂੰ ਕਿਸਾਨ ਲਹਿਰ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕਅਲੀਸ਼ੇਰ ਦੀ ਬਰਸੀ ਮਨਾਈ ਜਾਵੇਗੀ। ਇਸ ਸਬੰਧੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਖੇਤਾਂ ਦਾ ਉਹ ਜੁਝਾਰੂ ਪੁੱਤ ਸੀ, ਜਿਸ ਨੇ 10 ਸਾਲ ਪਹਿਲਾਂ ‘ਜ਼ਮੀਨ-ਬਚਾਓ ਮੋਰਚੇ’ ਵਿੱਚ ਇੱਕ ਗਰੀਬ ਕਿਸਾਨ ਦੀ ਕੁਰਕ ਹੁੰਦੀ ਜ਼ਮੀਨ ਬਚਾਉਣ ਲਈ 11 ਅਕਤੂਬਰ 2010 ਨੂੰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਸੀ। ਕਿਸਾਨ ਯੂਨੀਅਨ (ਡਕੌਂਦਾ) ਬਲਾਕ ਬੁਢਲਾਡਾ ਦੇ ਇਸ ਜੁਝਾਰੂ ਸਾਥੀ ਨੇ ਕਰਜ਼ਿਆਂ ਨਾਲ ਖੁੰਗਲ ਹੋਈ ਪੰਜਾਬ ਦੀ ਕਿਸਾਨੀ ਦੇ ਜ਼ਮੀਨ ਬਚਾਓ ਮੋਰਚੇ ਨੂੰ ਆਪਣੇ ਖੂਨ ਪਸੀਨੇ ਨਾਲ ਸਿੰਜਿਆ। ਉਨ੍ਹਾਂ ਕਿਹਾ ਕਿ ਜ਼ਮੀਨ ਬਚਾਓ ਮੋਰਚੇ ਦਾ ਉਹ ਪਹਿਲਾ ਸ਼ਹੀਦ ਸੀ, ਜਿਸ ਨੇ ਇੱਕ ਕਿਸਾਨ ਦੀ ਜ਼ਮੀਨ ਬਚਾਉਣ ਲਈ ਆਪਣੀ ਜਾਨ ਵਾਰ ਦਿੱਤੀ ਸੀ ਤੇ ਇਹ ਭਾਣਾ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਵਿੱਚ ਵਾਪਰਿਆ ਸੀ। ਉਧਰ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਸੰਘਰਸ਼ ਦੇ ਹਰ ਮੈਦਾਨ ਵਿੱਚ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦਾ ਸ਼ਹੀਦੀ ਦਿਨ ਮਨਾਉਣ ਸੱਦਾ ਦਿੱਤਾ।