ਗੁਰਿੰਦਰ ਸਿੰਘ
ਲੁਧਿਆਣਾ, 11 ਮਈ
ਯੂਥ ਅਕਾਲੀ ਦਲ ਨੇ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਲਗਾਏ ਗਏ ਪੋਸਟਰਾਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਵਨੀਤ ਬਿੱਟੂ ਨੂੰ ਲੱਭ ਕੇ ਲੁਧਿਆਣੇ ਲਿਆਂਦਾ ਜਾਵੇ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਅੱਜ ਔਖੇ ਵੇਲੇ ਲੋਕ ਉਸ ਦੀ ਤਲਾਸ਼ ਕਰ ਰਹੇ ਹਨ।
ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਲੋਕ ਮੁਸ਼ਕਿਲ ਵਿੱਚੋਂ ਲੰਘ ਰਹੇ ਹਨ। ਹਸਪਤਾਲਾਂ ਵਿੱਚ ਬੈੱਡ ਨਹੀਂ ਹਨ, ਆਕਸੀਜਨ ਦੀ ਕਮੀ ਹੈ ਅਤੇ ਨਿੱਜੀ ਹਸਪਤਾਲਾਂ ਵਾਲੇ ਮਰੀਜ਼ਾਂ ਨੂੰ ਲੁੱਟ ਰਹੇ ਹਨ ਪਰ ਰਵਨੀਤ ਬਿੱਟੂ ਇਸ ਸਭ ਬਾਰੇ ਬੇਖ਼ਬਰ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਰਵਨੀਤ ਬਿੱਟੂ ਹਸਪਤਾਲਾਂ ਵਿੱਚ ਜਾ ਕੇ ਪ੍ਰਬੰਧ ਦੇਖਣ ਅਤੇ ਪ੍ਰਸ਼ਾਸਨ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਬਿੱਟੂ ਨੇ ਪਹਿਲਾਂ ਆਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ ਅਤੇ ਹੁਣ ਲੁਧਿਆਣਾ ਦੇ ਲੋਕਾਂ ਨਾ ਧੋਖਾ ਕਰ ਕੇ 2024 ਲਈ ਨਵਾਂ ਹਲਕਾ ਲੱਭ ਰਹੇ ਹਨ।