ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜਨਵਰੀ
ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸੂਬੇ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਪਾਰਟੀ ਦੇ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਪਾਰਟੀ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਕਾਂਗਰਸ ਨੇ ਵਿਰੋਧੀ ਪਾਰਟੀਆਂ ਦੀ ਸੰਭਾਵੀ ਉਮੀਦਵਾਰਾਂ ਬਾਰੇ ਗੈਰਕਾਨੂੰਨੀ ਢੰਗ ਨਾਲ ਜਾਣਕਾਰੀ ਲੈਣ ਅਤੇ ਉਨ੍ਹਾਂ ਨੂੰ ਡਰਾਵਾ ਦੇ ਕੇ ਚੋਣ ਮੈਦਾਨ ’ਚੋਂ ਲਾਂਭੇ ਕਰਨ ਸਬੰਧੀ ਖੁਫੀਆ ਵਿੰਗ ਨੂੰ ਨਿੱਜੀ ਏਜੰਸੀ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿਚਲੀ ਸਾਰੀ ਚੋਣ ਪ੍ਰਕਿਰਿਆ ਮਖੌਲ ਬਣ ਕੇ ਰਹਿ ਜਾਵੇਗੀ ਤੇ ਕੌਮਾਂਤਰੀ ਪੱਧਰ ’ਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਬਦਨਾਮੀ ਹੋਵੇਗੀ। ਅਜਿਹਾ ਹੋਣਾ ਵੱਡੀ ਚੋਣ ਕੁਤਾਹੀ ਹੈ, ਜਿਸ ਵਿਚ ਚੋਣ ਕਮਿਸ਼ਨ ਵੱਲੋਂ ਫੌਰੀ ਦਖਲ ਦੇਣਾ ਜ਼ਰੂਰੀ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਪੰਜਾਬ ਪੁਲੀਸ ਦਾ ਖੁਫੀਆ ਵਿੰਗ, ਜਿਸ ਦੀ ਜ਼ਿੰਮੇਵਾਰੀ ਅਮਨ-ਕਾਨੂੰਨ ਕਾਇਮ ਰੱਖਣ ਵਾਸਤੇ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਉਣਾ ਹੈ, ਨੇ ਮੌਜੂਦਾ ਚੋਣਾਂ ਵਿਚ ਕਾਂਗਰਸ ਦੀ ਮਦਦ ਕਰ ਕੇ ਇਸ ਨੂੁੰ ਮੁੜ ਸੱਤਾ ਵਿਚ ਲਿਆਉਣ ਦੇ ਮਨੋਰਥ ਨਾਲ ਆਪਣੀ ਅਥਾਰਟੀ ਦੀ ਦੁਰਵਰਤੋਂ ਕੀਤੀ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਅਧੀਨ ਨਵੀਂ ਕਾਂਗਰਸ ਸਰਕਾਰ ਦੇ ਦੌਰ ਦੀ ਸ਼ੁਰੂਆਤ ਤੋਂ ਬਾਅਦ ਖੁਫੀਆ ਵਿੰਗ ਦੇ ਅਫਸਰ ਤਾਇਨਾਤ ਕੀਤੇ ਗਏ ਕਿਉਂਕਿ ਇਹ ਕਾਂਗਰਸ ਸਮਰਥਕ ਹਨ।