ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 21 ਜੂਨ
ਇਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਹਲਕਾ ਜਗਰਾਉਂ ਦੇ ਵਫਦ ਨੇ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਖ਼ਿਲਾਫ਼ ਮੋਰਚਾ ਖੋਲਦੇ ਹੋਏ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੂੰ ਮੰਗ ਪੱਤਰ ਸੌਂਪਦੇ ਹੋਏ ਮਾਮਲਾ ਦਰਜ ਕਰਨ ਉਪਰੰਤ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵਾਂ ਆਗੂਆਂ ਖਿਲਾਫ ਬਿਨਾਂ ਦੇਰੀ ਕਾਰਵਾਈ ਹੋਣੀ ਚਾਹੀਦੀ ਹੈ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਫ਼ਦ ਨੇ ਸਰਾਭਾ ਨਗਰ ਥਾਣੇ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈਕੇ ਇਕ ਸ਼ਿਕਾਇਤ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ ਦੇ ਕੌਮੀ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਤੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਮਨਜੀਤ ਸਿੰਘ ਬਾੜੇਵਾਲ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਇਸਤਰੀ ਵਿੰਗ ਲੁਧਿਆਣਾ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ, ਹਰਪ੍ਰੀਤ ਸਿੰਘ ਬੇਦੀ, ਗੁਰਪ੍ਰੀਤ ਸਿੰਘ ਬੱਬਲ ਵੀ ਸ਼ਾਮਿਲ ਹੋਏ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਮੁੱਚੀ ਲੀਡਰਸ਼ਿਪ ਨੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠਾਂ ਦਲਿਤ ਸਮਾਜ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤਣ ’ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖਿਲਾਫ਼ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਸ੍ਰੀ ਯਾਦੂ ਨੇ ਕਿਹਾ ਕਿ ਰਵਨੀਤ ਬਿੱਟੂ ਖ਼ਿਲਾਫ਼ ਦਲਿਤ ਭਾਈਚਾਰੇ ਤੋਂ ਇਲਾਵਾ ਹਰ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਪਾਇਲ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਰਵਾਈ ਕਰਨ ਲਈ ਡੀਐੱਸਪੀ ਪਾਇਲ ਨੂੰ ਸ਼ਿਕਾਇਤ ਦਿੱਤੀ ਗਈ।
ਬਸਪਾ ਦੇ ਹਲਕਾ ਇੰਚਾਰਜ ਡਾ. ਜਸਪ੍ਰੀਤ ਸਿੰਘ ਬਿੱਟੂ ਅਤੇ ਈਸ਼ਰ ਸਿੰਘ ਮੇਹਰਬਾਨ, ਸੂਬਾ ਸਕੱਤਰ ਰਾਮ ਸਿੰਘ ਗੋਗੀ ਅਤੇ ਸਾਬਕਾ ਚੇਅਰਮੈਨ ਸ਼ਿਵਰਾਜ ਸਿੰਘ ਜੱਲ੍ਹਾ ਨੇ ਕਿਹਾ ਕਿ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬਿੱਟੂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਮੇਂ ਯੂਥ ਪ੍ਰਧਾਨ ਸੁਖਵੀਰ ਸਿੰਘ ਸੋਹੀ, ਜਥੇ. ਜਸਵੀਰ ਸਿੰਘ ਨਿਜ਼ਾਮਪੁਰ, ਸਤਿਨਾਮ ਸਿੰਘ ਪਾਇਲ, ਹਰਪਾਲ ਸਿੰਘ ਗਰਚਾ, ਜਗਦੀਪ ਸਿੰਘ ਲਹਿਲ ਆਦਿ ਹਾਜ਼ਰ ਸਨ।