* ਸ਼ੋਸ਼ਲ ਡਿਸਟੈਂਸਿੰਗ ਦੀ ਉੱਡੀਆਂ ਧੱਜੀਆਂ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਜੂਨ
ਕੋਵਿਡ-19 ਤਹਿਤ ਸਿਹਤ ਕਰਮਚਾਰੀਆਂ ਦੀ ਇੰਟਰਵਿਊ ਲਈ ਡਿਪਟੀ ਕਮਿਸ਼ਨਰ ਦਫਤਰ ਵਿੱਚ ਸੱਦੇ ਹਜ਼ਾਰਾਂ ਉਮੀਦਵਾਰਾਂ ਲਈ ਕੋਈ ਪੁਖਤਾ ਪ੍ਰਬੰਧ ਨਾ ਕੀਤੇ ਹੋਣ ਕਰ ਕੇ ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰੇਆਮ ਧੱਜੀਆਂ ਉਡੀਆਂ। ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਉਮੀਦਵਾਰਾਂ ਨੂੰ ਵੇਖਕੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਪਰ ਮੌਕੇ ਸਿਰ ਕੋਈ ਹੱਲ ਨਾ ਹੋਣ ਕਰ ਕੇ ਹਜ਼ਾਰਾਂ ਲੋਕ ਮੇਲੇ ਵਾਂਗ ਤੁਰੇ ਫਿਰਦੇ ਰਹੇ। ਐਲੋਪੈਥਿਕ ਡਾਕਟਰ, ਡੈਂਟਲ ਡਾਕਟਰ, ਆਯੂਰਵੈਦਿਕ ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਜਿਸ ਵਿੱਚ ਨਰਸ, ਲੈਬ ਟੈਕਨੀਸ਼ੀਅਨ ਤੇ ਫਾਰਮੇਸੀ ਅਫਸਰ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਅੱਜ ਸਵੇਰੇ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਉਮੀਦਵਾਰ ਇਥੇ ਆ ਗਏ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਵੱਲੋਂ ਨਾ ਤਾਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਉਮੀਦਵਾਰਾਂ ਲਈ ਸੋਸ਼ਲ ਡਿਸਟੈਂਸਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਨਾ ਹੀ ਸੈਂਕੜੇ ਉਮੀਦਵਾਰਾਂ ਲਈ ਛਾਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਅਜਿਹੀ ਹਾਲਤ ’ਚ ਪ੍ਰਸ਼ਾਸਨ ਨੇ ਫੌਰੀ ਤੌਰ ’ਤੇ ਉਮੀਦਵਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪਹੁੰਚਣ ਲਈ ਹਦਾਇਤ ਕਰ ਦਿੱਤੀ। ਜਦੋਂ ਉਮੀਦਵਾਰ ਉਥੇ ਪੁੱਜੇ ਤਾਂ ਜਲਦੀ ਹੀ ਇਹ ਸਕੂਲ ਵੀ ਭਰ ਗਿਆ ਤਾਂ ਫਿਰ ਬਾਕੀ ਉਮੀਦਵਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਭੇਜ ਦਿੱਤਾ ਗਿਆ। ਇਸ ਤਰ੍ਹਾਂ ਸੈਂਕੜੇ ਲੋਕ ਖੱਜਲ ਖੁਆਰ ਵੀ ਹੋਏ ਤੇ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉੱਡੀਆਂ।