ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 15 ਜੁਲਾਈ
ਬਠਿੰਡਾ ਡਿਵੈੱਲਪਮੈਂਟ ਅਥਾਰਟੀ (ਬੀਡੀਏ) ਨੇ ਅੱਜ ਧੋਬੀਆਣਾ ਨਗਰ ਨੇੜੇ ਤੜਕਸਾਰ ਮੀਂਹ ਦੌਰਾਨ ਕਾਰਵਾਈ ਕਰਦਿਆਂ ਰਿੰਗ ਰੋਡ ਫੇਜ਼-1 ਦੇ ਨਿਰਮਾਣ ਲਈ ਅੜਿੱਕਾ ਬਣੇ ਕਰੀਬ ਅੱਧੀ ਦਰਜਨ ਮਕਾਨਾਂ ਨੂੰ ਢਾਹ ਦਿੱਤਾ। ਸਰਕਾਰੀ ਥਾਂ ’ਤੇ ਉਸਾਰੇ ਇਨ੍ਹਾਂ ਨਾਜਾਇਜ਼ ਮਕਾਨਾਂ ਨੂੰ ਢਾਹੁਣ ਲਈ ਪ੍ਰਸ਼ਾਸਨ ਨੇ ਛੇ ਜੇਸੀਬੀ ਮਸ਼ੀਨਾਂ ਅਤੇ ਪੁਲੀਸ ਬਲ ਦੀ ਵਰਤੋਂ ਕੀਤੀ।
ਵੇਰਵਿਆਂ ਅਨੁਸਾਰ ਪ੍ਰਸ਼ਾਸਨ ਨੇ ਲੰਘੀ 6 ਜੁਲਾਈ ਨੂੰ ਜਦੋਂ ਕਬਜ਼ੇ ਹਟਾਉਣ ਲਈ ਇੱਥੇ ਕਾਰਵਾਈ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਲੋਕਾਂ ਦਾ ਸਮਰਥਨ ਕਰਦਿਆਂ ਬੀਡੀਏ ਦਾ ਵਿਰੋਧ ਕੀਤਾ ਸੀ। ਇੱਥੋਂ ਦੇ ਇੱਕ ਵਸਨੀਕ ਨੇ ਆਤਮਦਾਹ ਕਰਨ ਦੀ ਧਮਕੀ ਦਿੱਤੀ, ਜਿਸ ਕਾਰਨ ਪ੍ਰਸ਼ਾਸਨ ਨੇ ਕਾਰਵਾਈ ਟਾਲ ਦਿੱਤੀ ਸੀ। ਰਿੰਗ ਰੋਡ ’ਤੇ ਵਸੇ ਕੁਝ ਲੋਕਾਂ ਨੇ ਕਿਹਾ ਕਿ ਉਜਾੜੇ ਬਦਲੇ ਬੀਡੀਏ ਵੱਲੋਂ ਦਿੱਤੇ ਜਾ ਰਹੇ ਫਲੈਟ ਛੋਟੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਹਾਲਾਂਕਿ ਜ਼ਿਆਦਾਤਰ ਲੋਕ ਫਲੈਟਾਂ ਵਿੱਚ ਤਬਦੀਲ ਹੋ ਕੇ ਕਬਜ਼ਾ ਛੱਡ ਚੁੱਕੇ ਹਨ।
ਦੱਸ ਦੇਈਏ ਕਿ ਰਿੰਗ ਰੋਡ ਦਾ ਪ੍ਰਾਜੈਕਟ 2001 ਤੋਂ ਨਾਜਾਇਜ਼ ਕਬਜ਼ਿਆਂ ਕਾਰਨ ਲਟਕਦਾ ਆ ਰਿਹਾ ਸੀ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 13 ਅਕਤੂਬਰ, 2019 ਨੂੰ ਰਿੰਗ ਰੋਡ ਦੀ ਮੁੜ ਉਸਾਰੀ ਲਈ ਰਸਮੀ ਸ਼ੁਰੂਆਤ ਕਰਦਿਆਂ ਇਸ ਕੰਮ ਨੂੰ ਤਿੰਨ ਮਹੀਨਿਆਂ ’ਚ ਨਬਿੇੜਨ ਦੀ ਗੱਲ ਵੀ ਆਖੀ ਸੀ। ਅੱਜ ਤੜਕੇ ਕਰੀਬ 4 ਵਜੇ ਕਬਜ਼ੇ ਹਟਾਉਣ ਦੀ ਕਾਰਵਾਈ ਵੇਲੇ ਮੀਂਹ ਪੈ ਰਿਹਾ ਸੀ। ਉਜਾੜੇ ਦੀ ਮਾਰ ’ਚ ਆਏ ਲੋਕਾਂ ਨੇ ਦੱਸਿਆ ਕਿ ਉਹ ਸੌਂ ਰਹੇ ਸਨ ਤੇ ਉਨ੍ਹਾਂ ਦੇ ਘਰਾਂ ਦੀ ਬਿਜਲੀ ਬੰਦ ਕਰ ਦਿੱਤੀ ਗਈ। ਇਸ ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਬੱਸਾਂ ’ਤੇ ਚੜ੍ਹਾ ਕੇ ਦੂਰ ਛੱਡ ਦਿੱਤਾ।
ਬਠਿੰਡਾ ਡਿਵੈੱਲਪਮੈਂਟ ਅਥਾਰਟੀ ਦੇ ਏਸੀਏ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਕਾਰਵਾਈ ਦੇ ਘੇਰੇ ’ਚ ਆਏ ਲੋਕਾਂ ਨੇ ਸਰਕਾਰੀ ਸੰਪਤੀ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਕਈ ਵਾਰ ਜਗ੍ਹਾ ਖਾਲੀ ਕਰਨ ਲਈ ਨੋਟਿਸ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸੱਤ ਕੁ ਮਕਾਨਾਂ ਨੂੰ ਛੱਡ ਕੇ ਬਾਕੀ ਲੋਕ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਫਲੈਟਾਂ ’ਚ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਇੱਕ-ਦੋ ਮਕਾਨ ਅਜੇ ਵੀ ਰਹਿ ਗਏ ਹਨ, ਜਿਨ੍ਹਾਂ ਨੂੰ ਜਲਦੀ ਖਾਲੀ ਕਰਵਾ ਲਿਆ ਜਾਵੇਗਾ। ਆਤਮਦਾਹ ਕਰਨ ਵਾਲੇ ਵਿਅਕਤੀ ਬਾਰੇ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਆਦਮੀ ਅਜਿਹਾ ਹੈ, ਜਿਸ ਦੀਆਂ ਦੋ ਕੋਠੀਆਂ ਹਨ, ਜਿਨ੍ਹਾਂ ’ਚੋਂ ਇੱਕ ਕਿਰਾਏ ’ਤੇ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਮੀਰ ਲੋਕਾਂ ਨੂੰ ਕਲਾਕਾਰੀਆਂ ਕਰਨ ਦਾ ਕੋਈ ਹੱਕ ਨਹੀਂ।
ਮਕਾਨ ਉਜਾੜਾ ਰੋਕੂ ਕਮੇਟੀ ਵੱਲੋਂ ਧਰਨਾ ਅੱਜ ਤੋਂ
ਬਠਿੰਡਾ ਦੇ ਧੋਬੀਆਣਾ ਨਗਰ ’ਚ ਅੱਜ ਬੀਡੀਏ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕੀਤੀ ਕਾਰਵਾਈ ਖ਼ਿਲਾਫ਼ ਮਕਾਨ ਉਜਾੜਾ ਰੋਕੂ ਕਮੇਟੀ 16 ਜੁਲਾਈ ਤੋਂ ਡੀਸੀ ਦਫ਼ਤਰ ਬਠਿੰਡਾ ਅੱਗੇ ਬੇਮਿਆਦੀ ਧਰਨਾ ਸ਼ੁਰੂ ਕਰੇਗੀ। ਕਮੇਟੀ ਦੇ ਆਗੂ ਅਮਿਤ ਸਿੰਘ ਨੇ ਇਸ ਸੰਘਰਸ਼ ਲਈ ਸਭ ਧਿਰਾਂ ਤੋਂ ਹਮਾਇਤ ਦੀ ਮੰਗ ਕੀਤੀ ਹੈ। ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਬੀਕੇਯੂ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਸੁਦੀਪ ਸਿੰਘ ਨੇ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਹਕੂਮਤ ਦਾ ਕਾਇਰਾਨਾ ਹਮਲਾ ਦੱਸਿਆ। ਜਮਹੂਰੀ ਅਧਿਕਾਰ ਸਭਾ ਨੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ।