ਰਵੇਲ ਸਿੰਘ ਭਿੰਡਰ
ਪਟਿਆਲਾ, 12 ਅਪਰੈਲ
ਇੱਥੇ ਟਾਵਰ ’ਤੇ ਚੜ੍ਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਨਾਲ ਅੱਜ ਅਖੀਰ ਜ਼ਿਲ੍ਹਾ ਪ੍ਰਸ਼ਾਸਨ ਨੇ ਗੱਲਬਾਤ ਦਾ ਗੇੜ ਆਰੰਭ ਦਿੱਤਾ ਹੈ। ਬਕਾਇਦਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੱਸਡੀਐੱਮ ਨੇ ਟਾਵਰ ’ਤੇ ਚੜ੍ਹੇ ਦੋਵੇਂ ਸੰਘਰਸ਼ੀਆਂ ’ਚੋਂ ਇੱਕ ਸੁਰਿੰਦਰਪਾਲ ਨਾਲ ਫੋਨ ’ਤੇ ਗੱਲਬਾਤ ਕਰਕੇ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਆਖਿਆ ਹੈ ਕਿ ਟੈੱਟ ਪਾਸ ਬੇਰੁਜਗਾਰਾਂ ਦੀਆਂ ਮੰਗਾਂ ਸਬੰਧੀ ਬਕਾਇਦਾ ਸਿੱਖਿਆ ਸਕੱਤਰ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਮੰਗਾਂ ਮੰਨੀਆਂ ਜਾ ਰਹੀਆਂ ਹਨ। ਉੱਧਰ ਟਾਵਰ ਸੰਘਰਸ਼ੀਆਂ ਨੇ ਮੰਗ ਰੱਖਦਿਆਂ ਆਖਿਆ ਹੈ ਕਿ ਜਿੰਨੀ ਦੇਰ ਉਨ੍ਹਾਂ ਦੀ ਜਥੇਬੰਦੀਆਂ ਦੀ ਮੰਗਾਂ ਤੇ ਮਸਲਿਆਂ ਨੂੰ ਬਕਾਇਦਾ ਅਧਿਕਾਰਤ ਵੈੱਬਸਾਈਟ ’ਤੇ ਅੱਪਲੋਡ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਸੰਘਰਸ਼ ਮਘਾਈ ਰੱਖਣਗੇ। ਪ੍ਰਸ਼ਾਸਨ ਵੱਲੋਂ ਟਾਵਰ ਸੰਘਰਸ਼ੀਆਂ ਲਈ ਨੌਕਰੀ ਦੀ ਪੇਸ਼ਕਸ਼ ਦੇ ਪੱਤਰ ਤਿਆਰ ਕੀਤੇ ਜਾਣ ਦਾ ਭਰੋਸਾ ਵੀ ਦਿਵਾਇਆ ਹੈ। ਜਥੇਬੰਦੀ ਦੇ ਦੋ ਆਗੂ ਜਿਹੜੇ ਪਿਛਲੇ 23 ਦਿਨਾਂ ਤੋਂ ਟਾਵਰ ’ਤੇ ਚੜ੍ਹੇ ਹੋਏ ਹਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਪਟਿਆਲਾ ਵੱਲੋਂ ਉਨ੍ਹਾਂ ਨਾਲ ਫੋਨ ’ਤੇ ਰਾਬਤਾ ਕਾਇਮ ਕੀਤਾ ਹੈ ਤੇ ਪਹਿਲੇ ਗੇੜ ਦੀ ਗੱਲਬਾਤ ਭਾਵੇਂ ਸੁਖਾਵੇਂ ਮਾਹੌਲ ’ਚ ਹੋਈ ਹੈ, ਪਰ ਉਨ੍ਹਾਂ ਪ੍ਰਸ਼ਾਸਨ ਨੂੰ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਜਥੇਬੰਦੀ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।
ਸੁਰਿੰਦਰਪਾਲ ਨੇ ਜਾਰੀ ਆਡੀਓ ’ਚ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਿਹਤ ਦਾ ਵੀ ਹਾਲ ਚਾਲ ਜਾਣਿਆ ਹੈ। ਇਸ ਤੋਂ ਇਲਾਵਾ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਫੋਨ ’ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ। ਟਾਵਰ ਹੇਠਾਂ ਅੱਜ ‘ਆਪ’ ਆਗੂ ਤੇ ਵਿਧਾਇਕ ਮੀਤ ਹੇਅਰ ਤੇ ਅਕਾਲੀ ਆਗੂ ਗੁਰਧਿਆਨ ਸਿੰਘ ਭਾਨਰੀ ਸਮੇਤ ਹੋਰ ਕਈ ਰਾਜਸੀ ਧਿਰਾਂ ਦੇ ਆਗੂ ਵੀ ਹਮਾਇਤ ਵਜੋਂ ਪਹੁੰਚੇ।
ਪੁਲੀਸ ਕੇਸ ਦਰਜ ਕਰਨ ਦੀ ਨਿਖੇਧੀ
ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਭਾਖੜਾ ਨਹਿਰ ’ਚ ਛਾਲ ਮਾਰਨ ਵਾਲੇ ਦੋਵੇਂ ਬੇਰੁਜ਼ਗਾਰਾਂ ਸਮੇਤ ਹੋਰਨਾਂ ਕਈ ਕਾਰਕੁਨਾਂ ’ਤੇ ਪੁਲੀਸ ਵੱਲੋਂ ਕਈ ਧਾਰਾਵਾਂ ਹੇਠ ਕੀਤੇ ਗਏ ਪਰਚੇ ਦੀ ਨਿਖੇਧੀ ਕਰਦਿਆਂ ਆਖਿਆ ਹੈ ਕਿ ਕੈਪਟਨ ਸਰਕਾਰ ਨੇ ਚੋਣਾਂ ਵੇਲੇ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ ਤੇ ਹੁਣ ਰੁਜ਼ਗਾਰ ਦੀ ਬਜਾਏ ਪੁਲੀਸ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਅਖਿਆ ਕਿ ਕੈਪਟਨ ਸਰਕਾਰ ਅੰਨ੍ਹੀ-ਬੋਲੀ ਹੋ ਚੁੱਕੀ ਹੈ, ਹਾਲਾਤ ਅਜਿਹੇ ਹਨ ਕਿ ਆਪਣੇ ਹੱਕ ਮੰਗਣ ਲਈ ਵੀ ਬੇਰੁਜ਼ਗਾਰਾਂ ਨੂੰ ਨਹਿਰਾਂ ’ਚ ਛਾਲਾਂ ਮਾਰਨੀਆਂ ਪੈ ਰਹੀਆਂ ਹਨ।