ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 2 ਅਕਤੂਬਰ
ਜ਼ਿਲ੍ਹੇ ਦੇ ਪਿੰਡ ਵਜ਼ੀਰ ਨਗਰ ਵਿਚ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੁਆਰਾ ਸ਼ੁਰੂ ਕੀਤੇ ਸੰਘਰਸ਼ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਵਾਦਿਤ ਟੋਭੇ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦਾ ਫ਼ੈਸਲਾ ਲਿਆ ਹੈ। ਜਾਣਕਾਰੀ ਦਿੰਦੇ ਹੋਏ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਵਜ਼ੀਰ ਨਗਰ ਵਿਚ ਪਿੰਡ ਦਾ ਗੰਦਾ ਪਾਣੀ ਟੋਭੇ ਵਿਚ ਜ਼ਬਰਦਸਤੀ ਪਾਉਣ ਲਈ ਸਥਾਨਕ ਕਾਂਗਰਸੀ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਉਪਰ ਦਬਾਅ ਬਣਾਇਆ ਗਿਆ ਸੀ, ਪਰ ਪਿੰਡ ਵਾਸੀਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਦੱਸਿਆ ਕਿ ਲੋਕ ਰੋਹ ਤੇ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ, ਉਕਤ ਥਾਂ ਦੀ ਨਿਸ਼ਾਨਦੇਹੀ ਕਰਵਾਉਣ ਲਈ ਰਾਜ਼ੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਮਿਣਤੀ ਕਰਵਾ ਕੇ ਹੀ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ। ਸ੍ਰੀ ਢਿੱਲੋਂ ਨੇ ਕਿਹਾ ਕਿ ਪਾਰਟੀ ਗ਼ਰੀਬ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਜ਼ਿਲ੍ਹੇ ਵਿਚ ਧੱਕੇਸ਼ਾਹੀ ਹੁੰਦੀ ਹੈ ਤਾਂ ਮਾਮਲਾ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਜਾਵੇ, ਆਮ ਆਦਮੀ ਪਾਰਟੀ ਤੁਰੰਤ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰ ਕੇ ਇਨਸਾਫ਼ ਦੀ ਲੜਾਈ ਲੜੇਗੀ।