ਰਵੇਲ ਸਿੰਘ ਭਿੰਡਰ
ਪਟਿਆਲਾ, 14 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਰੁਜ਼ਗਾਰ ਪ੍ਰਾਪਤੀ ਲਈ ਬੀਐੱਸਐੱਨਐੱਲ ਟਾਵਰ ’ਤੇ ਚੜ੍ਹੇ ਦੋ ਬੇਰੁਜ਼ਗਾਰ ਅਧਿਆਪਕ ਅੱਜ 25ਵੇਂ ਦਿਨ ਵੀ ਹੇਠਾਂ ਨਾ ਉਤਰੇ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸੰਘਰਸ਼ੀ ਕਾਰਕੁਨਾਂ ਨੂੰ ਟਾਵਰ ਤੋਂ ਥੱਲੇ ਲਾਹੁਣ ਲਈ ਦਿਨ ਭਰ ਪੂਰੀ ਵਾਹ ਲਾਈ ਰੱਖੀ। ਟਾਵਰ ਸੰਘਰਸ਼ੀਆਂ ਨੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਤੋਂ ਪਿੱਛੇ ਹਟਣ ਤੋਂ ਨਾਂਹ ਕਰ ਦਿੱਤੀ ਹੈ। ਅਜਿਹੇ ਵਿੱਚ ਖ਼ਰਾਬ ਸਿਹਤ ਦੇ ਬਾਵਜੂਦ ਦੋਵੇਂ ਸੰਘਰਸ਼ੀਆਂ ਨੇ ਪ੍ਰਸ਼ਾਸਨ ਦੇ ਲਾਰਿਆਂ ਨੂੰ ਨਕਾਰਦਿਆਂ ਸੰਘਰਸ਼ ’ਤੇ ਡਟੇ ਰਹਿਣ ਨੂੰ ਤਰਜੀਹ ਦਿੱਤੀ।
ਦੱਸਣਯੋਗ ਹੈ ਕਿ ਬੀਤੇ ਦਿਨ ਜਿਥੇ ਟਾਵਰ ਸੰਘਰਸ਼ੀਆਂ ਨਾਲ ਗੱਲਬਾਤ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੱਸਐੱਸਪੀ ਵਿਕਰਮ ਜੀਤ ਦੁੱਗਲ ਵੀ ਪਹੁੰਚੇ ਸਨ, ਉਥੇ ਹੀ ਅੱਜ ਤਹਿਸੀਲਦਾਰ ਤੇ ਹੋਰ ਪ੍ਰਸ਼ਾਸਕੀ ਅਮਲੇ ਨੇ ਟਾਵਰ ’ਤੇ ਚੜ੍ਹੇ ਕਾਰਕੁਨਾਂ ਨਾਲ ਰਾਬਤਾ ਬਣਾਈ ਰੱਖਿਆ। ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਆਗੂਆਂ ਨੂੰ ਵੀ ਦੁਵੱਲੀ ਗੱਲਬਾਤ ਲਈ ਬੁਲਾਇਆ ਹੋਇਆ ਸੀ ਪਰ ਦੇਰ ਸ਼ਾਮ ਤੱਕ ਮਾਮਲਾ ਨਾ ਸੁਲਝਿਆ। ਅੱਜ ਪ੍ਰਸ਼ਾਸਨ ਦੀ ਤਰਫੋਂ ਟਾਵਰ ਸੰਘਰਸ਼ੀਆਂ ਕੋਲ ਪਾਣੀ ਭੇਜਿਆ ਗਿਆ, ਜਿਹੜਾ ਸੰਘਰਸ਼ੀ ਕਾਰਕੁਨਾਂ ਨੇ ਸਵੀਕਾਰ ਕਰ ਲਿਆ।
ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼: ਡੀਸੀ
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬੀਐੱਸਐੱਨਐੱਲ ਟਾਵਰ ’ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਈਟੀਟੀ ਟੀਈਟੀ ਪ੍ਰਦਰਸ਼ਨਕਾਰੀਆਂ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐੱਸਡੀਐੱਮ ਪਟਿਆਲਾ ਚਰਨਜੀਤ ਸਿੰਘ, ਐੱਸਪੀ ਟਰੈਫਿਕ ਪਲਵਿੰਦਰ ਸਿੰਘ ਚੀਮਾ ਅਤੇ ਡੀਐੱਸਪੀ ਸਿਟੀ-1 ਯੋਗੇਸ਼ ਸ਼ਰਮਾ ਲਗਾਤਾਰ ਦੋਵਾਂ ਪ੍ਰਦਰਸ਼ਨਕਾਰੀਆਂ ਨਾਲ ਸੰਪਰਕ ਕਰ ਰਹੇ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੋਵਾਂ ਪ੍ਰਦਰਸ਼ਨਕਾਰੀਆਂ ਨਾਲ ਫੋਨ ’ਤੇ ਵੀ ਗੱਲਬਾਤ ਕਰਦਿਆਂ ਪਰਿਵਾਰਾਂ ਦੇ ਵਡੇਰੇ ਹਿੱਤਾਂ ਦੇ ਸਨਮੁੱਖ ਇਨ੍ਹਾਂ ਨੂੰ ਟਾਵਰ ਤੋਂ ਹੇਠਾਂ ਉਤਰਨ ਦੀ ਅਪੀਲ ਕੀਤੀ।