ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 19 ਜੁਲਾਈ
ਏਡੀਸੀ ਅਰਬਨ ਵਿਕਾਸ ਡਾ. ਸੋਨਾ ਥਿੰਦ ਨੇ ਇੱਥੇ ਨਗਰ ਕੌਂਸਲ ਚਮਕੌਰ ਸਾਹਿਬ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਨਾਈਟ ਸ਼ੈਲਟਰ, ਕੰਪੋਸਟ ਪਿੱਟਾਂ, ਡੰਪ ਸਾਈਟ ਆਦਿ ਦੀ ਜਾਂਚ ਕੀਤੀ। ਉਨ੍ਹਾਂ ਪੌਦਾ ਲਗਾ ਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾ ਕੇ ਆਪਣੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਅਤੇ ਲਗਾਏ ਗਏ ਪੌਦਿਆਂ ਦੀ ਜ਼ਿੰਮੇਵਾਰੀ ਵੀ ਸੰਭਾਲਣ। ਉਨ੍ਹਾਂ ਸੈਨਟਰੀ ਇੰਸਪੈਕਟਰ ਰਾਜਿੰਦਰਪਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਹਰ ਸਮੇਂ ਸੁੰਦਰ ਰੱਖਣ ਲਈ ਸਫਾਈ ਦਾ ਹੋਰ ਵੀ ਵੱਧ ਧਿਆਨ ਰੱਖਿਆ ਜਾਵੇ, ਕਿਉਂਕਿ ਸ਼ਹਿਰ ਅੰਦਰ ਰੋਜ਼ਾਨਾ ਹੀ ਸੰਗਤਾਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਸੈਨਟਰੀ ਇੰਸਪੈਕਟਰ ਰਾਜਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਕੌਂਸਲ ਦੀ ਹਦੂਦ ਅੰਦਰ 300 ਦੇ ਕਰੀਬ ਵੱਖ-ਵੱਖ ਪ੍ਰਕਾਰ ਦੇ ਪੌਦੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਅਤੇ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਲਗਾਏ ਜਾ ਚੁੱਕੇ ਹਨ ਅਤੇ ਆਉਂਦੇ ਦਿਨਾਂ ਵਿੱਚ ਵੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ, ਪਰਵੀਨ ਡੋਗਰਾ, ਓਮ ਪ੍ਰਕਾਸ਼, ਇੰਸਪੈਕਟਰ ਪਰਵੀਨ ਸ਼ਰਮਾ, ਅਰਮਨਦੀਪ ਸਿੰਘ ਅਤੇ ਅਸ਼ੋਕ ਕੁਮਾਰ ਤੇ ਮੋਹਤਬਰ ਆਦਿ ਹਾਜ਼ਰ ਸਨ।
ਹਲਕਾ ਵਿਧਾਇਕ ਨੇ ਬੂਟੇ ਲਾਏ
ਮੋਰਿੰਡਾ (ਪੱਤਰ ਪ੍ਰੇਰਕ): ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ.ਚਰਨਜੀਤ ਸਿੰਘ ਵੱਲੋਂ ਸਥਾਨਕ ਖੰਡ ਮਿੱਲ ਵਿੱਚ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਕੰਵਲਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਜੇਕਰ ਰੁੱਖ ਸੁਰੱਖਿਅਤ ਰਹਿਣਗੇ ਤਾਂ ਹੀ ਇਨਸਾਨੀ ਜੀਵਨ ਸੁਰੱਖਿਅਤ ਰਹਿ ਸਕਦਾ ਹੈ। ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ 50000 ਪਰਿਵਾਰ ਵੱਸਦੇ ਹਨ ਇਥੇ ਇੱਕ ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਹਰ ਪਰਿਵਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਵੇ ਅਤੇ ਉਸ ਦੀ ਦੇਖਭਾਲ ਤੇ ਸਾਂਭ ਸੰਭਾਲ ਕਰੇ।
ਵਿਧਾਨ ਸਭਾ ਸਪੀਕਰ ਨੇ ਪੌਦੇ ਲਾਏ
ਪੰਚਕੂਲਾ: ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਜ਼ਿਲ੍ਹਾ ਪੱਧਰ ਦਾ ਵਣ ਮਹਾਂਉਤਸਵ ਮਨਾਇਆ। ਉਨ੍ਹਾਂ ਬੀੜ ਘੱਗਰ ਦੇ ਇਲਾਕੇ ਵਿੱਚ ਪੌਦੇ ਲਾਏ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ ਨਾਲ ਇਨ੍ਹਾਂ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਨ੍ਹਾਂ ਦੀ ਚੰਗੀ ਸੰਭਾਲ ਹੋਵੇਗੀ ਤਾਂ ਹੀ ਇਹ ਵੱਡੇ ਹੋ ਕੇ ਆਕਸੀਜਨ ਦੇਣਗੇ। ਮੇਅਰ ਕੁਲਭੂਸ਼ਨ ਗੋਇਲ ਨੇ ਕਈ ਮੈਡੀਸਨ ਪਲਾਂਟ ਅਤੇ ਫ਼ਲਦਾਰ ਪੌਦੇ ਲਗਾਏ।-ਪੱਤਰ ਪ੍ਰੇਰਕ