ਪੱਤਰ ਪ੍ਰੇਰਕ
ਪੱਟੀ, 14 ਸਤੰਬਰ
ਪੰਜਾਬ ਪੁਲੀਸ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਅੱਜ ਪਿੰਡ ਠੱਕਰਪੁਰਾ ਦੇ ਗਿਰਜਾ ਘਰ ਦਾ ਦੌਰਾ ਕੀਤਾ, ਜਿਥੇ 30-31 ਅਗਸਤ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਭੰਨ੍ਹ-ਤੋੜ ਕੀਤੀ ਸੀ। ਸ੍ਰੀ ਸ਼ੁਕਲਾ ਨੇ ਇਥੇ ਉਕਤ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਆਲੇ-ਦੁਆਲੇ ਦੇ ਮਾਹੌਲ ਦਾ ਜਾਇਜ਼ਾ ਲਿਆ। ਉਪਰੰਤ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਸ਼ੁਕਲਾ ਨੇ ਕਿਹਾ ਕਿ ਇਸ ਸਬੰਧੀ ਬਣਾਈ ਗਈ ‘ਸਿਟ’ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਬਾਰੇ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਸ ਸੰਵੇਦਨਸ਼ੀਲ ਹੋਣ ਕਾਰਨ ਕੁਝ ਦੇਰੀ ਹੋ ਰਹੀ ਹੈ, ਪਰ ਮੁਲਜ਼ਮਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਹਰਲੇ ਸੂਬਿਆਂ ਦੀ ਪੁਲੀਸ ਨਾਲ ਵੀ ਰਾਬਤਾ ਬਣਾਇਆ ਗਿਆ ਹੈ।
ਸਰਹੱਦ ਪਾਰੋਂ ਹੁੰਦੀ ਤਸਕਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਤੇ ਬੀਐੱਸਐੱਫ ਅਧਿਕਾਰੀਆਂ ਨਾਲ ਡਰੋਨ ਰਾਹੀਂ ਹੋ ਰਹੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਸਬੰਧੀ ਗੱਲਬਾਤ ਹੋਈ ਕੀਤੀ ਗਈ ਹੈ, ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣਗੇ। ਪੱਟੀ ਇਲਾਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਫਿਰੋਤੀਆਂ ਮੰਗੇ ਜਾਣ ਦੀਆਂ ਘਟਨਾਵਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਅਨਸਰਾਂ ਖ਼ਿਲਾਫ਼ ਪੁਲੀਸ ਕੋਲ ਪਹੁੰਚ ਕਰਨੀ ਚਹੀਦੀ ਹੈ ਤੇ ਲੋਕਾਂ ਦੀ ਸਰੁੱਖਿਆ ਲਈ ਪੁਲੀਸ ਪ੍ਰਸ਼ਾਸਨ ਵਚਨਬੰਦ ਹੈ। ਇਸ ਮੌਕੇ ਆਈ ਜੀ ਫ਼ਿਰੋਜਪੁਰ ਰੇਂਜ ਐੱਸਐੱਸਪੀ ਤਰਨ ਤਾਰਨ ਰਣਜੀਤ ਸਿੰਘ ਢਿੱਲੋਂ, ਡੀਐੱਸਪੀ ਪੱਟੀ ਸਤਨਾਮ ਸਿੰਘ ਤੇ ਐੱਸਐੱਚਓ ਸੁਖਬੀਰ ਸਿੰਘ ਵੀ ਮੌਜੂਦ ਸਨ।