ਐਨਪੀ. ਧਵਨ
ਪਠਾਨਕੋਟ, 5 ਜੁਲਾਈ
ਇੱਥੇ ਸੈਨਿਕ ਖੇਤਰ ਦੇ ਤ੍ਰਿਵੇਣੀ ਗੇਟ ’ਤੇ ਹੈਂਡ ਗ੍ਰਨੇਡ ਨਾਲ ਕੀਤੇ ਗਏ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਮੁਲਜ਼ਮਾਂ ਨੂੰ ਜ਼ਿਲ੍ਹਾ ਪੁਲੀਸ ਨੇ ਦੋ ਦਿਨ ਲਈ ਪ੍ਰੋਡਕਸ਼ਨ ਵਾਰੰਟ ’ਤੇ ਪਠਾਨਕੋਟ ਲਿਆਂਦਾ ਹੈ। ਜਾਣਕਾਰੀ ਮੁਤਾਬਿਕ ਹਮਲੇ ਦੇ ਮੁੱਖ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਬਿੰਦੂ ਅਤੇ ਪਰਮਿੰਦਰ ਕੁਮਾਰ ਨੂੰ ਪਠਾਨਕੋਟ ਲਿਆਉਣ ਤੋਂ ਪਹਿਲਾਂ ਅੱਜ ਉਨ੍ਹਾਂ ਦਾ ਸਿਵਲ ਹਸਪਤਾਲ ਪਠਾਨਕੋਟ ਵਿੱਚ ਮੈਡੀਕਲ ਕਰਵਾਇਆ ਗਿਆ। ਇਸ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਮੁਲਜ਼ਮਾਂ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਪਠਾਨਕੋਟ ਗ੍ਰਨੇਡ ਹਮਲੇ ਦੇ ਤਿੰਨ ਦਿਨ ਬਾਅਦ ਹੀ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ। ਇਸ ਦੌਰਾਨ ਇੱਕ ਨੌਜਵਾਨ ਤੋਂ ਹਥਿਆਰ ਅਤੇ 2 ਹੈਂਡ ਗ੍ਰਨੇਡ ਪੀ-86 ਬਰਾਮਦ ਕੀਤੇ ਸਨ। ਪਠਾਨਕੋਟ ਲਿਆਂਦੇ ਦੋਵੇਂ ਮੁਲਜ਼ਮ ਕਬੂਲ ਕਰ ਚੁੱਕੇ ਹਨ ਕਿ ਸਰਹੱਦ ਪਾਰ ਬੈਠੇ ਲਖਬੀਰ ਸਿੰਘ ਰੋਡੇ ਨੇ ਉਨ੍ਹਾਂ ਨੂੰ ਇਹ ਅਸਲਾ ਭੇਜਿਆ ਸੀ ਤਾਂ ਜੋ ਉਹ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਸਕਣ। ਇਸ ਸਬੰਧੀ ਐੱਸਐੱਸਪੀ ਅਰੁਣ ਸੈਣੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਰਿਮਾਂਡ ’ਤੇ ਲਿਆ ਕੇ ਉਨ੍ਹਾਂ ਦਾ ਮੈਡੀਕਲ ਕਰਵਾ ਲਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਵਿਸਤਾਰ ਵਿੱਚ ਇਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 21 ਨਵੰਬਰ ਦੀ ਰਾਤ ਨੂੰ ਇੱਥੇ ਸੈਨਾ ਦੇ ਤ੍ਰਿਵੇਣੀ ਗੇਟ ’ਤੇ 2 ਮੋਟਰਸਾਈਕਲ ਸਵਾਰ ਗ੍ਰਨੇਡ ਸੁੱਟ ਕੇ ਫਰਾਰ ਹੋ ਗਏ ਸਨ। ਗ੍ਰਨੇਡ ਗੇਟ ਦੀ ਸਾਈਡ ਵਾਲੀ ਦੀਵਾਰ ਕੋਲ ਫਟਿਆ ਸੀ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ।