ਰਾਜਿੰਦਰ ਵਰਮਾ
ਭਦੌੜ, 20 ਫਰਵਰੀ
ਇਥੇ ਚੋਣਾਂ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਯੂਥ ਕਾਂਗਰਸੀ ਆਗੂ ਵਿਸ਼ਾਲ ਸਿੰਗਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ’ਤੇ ਚੜ੍ਹ ਕੇ ਨਾਅਰੇਬਾਜ਼ੀ ਕਰਨ ਲੱਗ ਪਿਆ ਅਤੇ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਯੂਥ ਕਾਂਗਰਸੀ ਆਗੂ ਵਿਸ਼ਾਲ ਸਿੰਗਲਾ ਦੇ ਪਿਤਾ ਰਾਜਬੀਰ ਸਿੰਗਲਾ ਜਦੋਂ ਉਗੋਕੇ ਪਿੰਡ ’ਚ ਚੋਣ ਸਮੱਗਰੀ ਵਾਲੇ ਬੈਗ ਦੇਣ ਲਈ ਕਾਂਗਰਸੀ ਵਰਕਰ ਕੋਲ ਜਾ ਰਹੇ ਸਨ ਤਾਂ ‘ਆਪ’ ਵਰਕਰਾਂ ਨੇ ਸਿੰਗਲਾ ਅਤੇ ਰਾਜਿੰਦਰ ਕੌਰ ਮੀਮਸਾ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ ਸੀ। ‘ਆਪ’ ਵਰਕਰ ਕਾਂਗਰਸੀ ਆਗੂਆਂ ਦੇ ਰਾਤ ਨੂੰ ਪਿੰਡ ਆਉਣ ’ਤੇ ਇਤਰਾਜ਼ ਜਤਾ ਰਹੇ ਸਨ। ਇਸ ਸਬੰਧੀ ਵੀਡੀਓ ਵਾਇਰਲ ਹੋ ਗਈ ਸੀ ਜਿਸ ਮਗਰੋਂ ਵਿਸ਼ਾਲ ਸਿੰਗਲਾ ਨੇ ਲਾਭ ਸਿੰਘ ਦੇ ਭਦੌੜ ਪਹੁੰਚਣ ’ਤੇ ਆਪਣਾ ਰੋਸ ਪ੍ਰਗਟ ਕੀਤਾ ਅਤੇ ਜ਼ੋਸ ਵਿੱਚ ਆ ਕੇ ਉਹ ਗੱਡੀ ’ਤੇ ਚੜ੍ਹ ਗਿਆ। ਇਸ ਦੌਰਾਨ ਉਸ ਦੇ ਸਾਥੀ ਨਾਅਰੇਬਾਜ਼ੀ ਕਰ ਰਹੇ ਸਨ। ਤਿੰਨਕੋਣੀ ਚੌਕ ਨੇੜੇ ਜਾ ਕੇ ਉਹ ਗੱਡੀ ਤੋਂ ਹੇਠਾਂ ਡਿੱਗ ਪਿਆ। ਉਸ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਕਾਂਗਰਸੀ ਆਗੂ ਰਾਜਬੀਰ ਸਿੰਗਲਾ ਨੇ ਦੋਸ਼ ਲਾਇਆ ਹੈ ਕਿ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਸ਼ਰੇਆਮ ਗੁੰਡਾਗਰਦੀ ਕਰਕੇ ਉਸ ਦੇ ਬੇਟੇ ਨੂੰ ਗੱਡੀ ਦੇ ਬੌਨਟ ਤੋਂ ਸੁੱਟ ਕੇ ਫਰਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ‘ਆਪ’ ਆਗੂਆਂ ਨੇ ਉਨ੍ਹਾਂ ’ਤੇ ਥਾਣਾ ਸ਼ਹਿਣਾ ’ਚ ਪਰਚਾ ਦਰਜ ਕਰਵਾਇਆ ਹੈ। ਉਧਰ ਲਾਭ ਸਿੰਘ ਉਗੋਕੇ ਨੇ ਕਾਂਗਰਸੀ ਆਗੂ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਹਮਲਾ ਕੀਤਾ ਹੈ। ਇਸ ਸਬੰਧੀ ਥਾਣਾ ਭਦੌੜ ’ਚ ਰਿਪੋਰਟ ਦਰਜ ਕਰਵਾਈ ਗਈ ਹੈ। ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਬਿਆਨਾਂ ਦੇ ਆਧਾਰ ’ਤੇ ਵਿਸ਼ਾਲ ਸਿੰਗਲਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।