ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਸਤੰਬਰ
ਸ੍ਰੀ ਦਰਬਾਰ ਸਾਹਿਬ ਨੇੜੇ 2016 ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਵਿਰਾਸਤੀ ਮਾਰਗ ਨੇੜੇ ਬਣੇ ਸ਼ਾਪਿੰਗ ਕੰਪਲੈਕਸ ਦੀ ਛੱਤ ’ਤੇ ਬਣਿਆ ਪਾਲਕੀ ਨੁੰਮਾ ਛੱਜਾ ਡਿੱਗ ਪਿਆ ਹੈ। ਇਹ ਛੱਜਾ ਜਿੱਥੇ ਡਿੱਗਿਆ ਹੈ, ਉਥੇ ਥਾਂ ਸ਼ਾਪਿੰਗ ਕੰਪਲੈਕਸ ਦਾ ਮੁੱਖ ਦਾਖ਼ਲਾ ਹੈ। ਇਮਾਰਤ ਦੀ ਉਪਰਲੀ ਛੱਤ ’ਤੇ ਛੱਜਾ ਬਣਿਆ ਹੋਇਆ ਸੀ, ਜੋ ਇਸ ਇਮਾਰਤ ਨੂੰ ਪੁਰਾਤਨ ਅਤੇ ਰਵਾਇਤੀ ਦਿੱਖ ਦਿੰਦਾ ਸੀ। ਅਚਨਚੇਤੀ ਅੱਜ ਇਹ ਛੱਜਾ ਡਿੱਗ ਪਿਆ। ਇਸ ਦਾ ਕੁਝ ਮਲਬਾ ਇਮਾਰਤ ਦੀ ਛੱਤ ਉਪਰ ਅਤੇ ਕੁਝ ਮਲਬਾ ਹੇਠਾਂ ਡਿੱਗਿਆ। ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਸ ਵੇਲੇ ਆਵਾਜਾਈ ਘੱਟ ਸੀ, ਨਹੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਦੱਸਣਯੋਗ ਹੈ ਕਿ ਇਹ ਵਿਰਾਸਤੀ ਮਾਰਗ ਅਕਾਲੀ ਸਰਕਾਰ ਵੇਲੇ ਬਣਿਆ ਸੀ, ਜਿਸ ਤਹਿਤ ਇਸ ਮਾਰਗ ਨੂੰ ਨਿਵੇਕਲੀ ਦਿੱਖ ਦਿੱਤੀ ਗਈ ਸੀ। ਅਕਾਲੀ ਸਰਕਾਰ ਵੱਲੋਂ ਕੀਤੇ ਇਸ ਕੰਮ ਦੀ ਦੇਸ਼ ਵਿਦੇਸ਼ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇਹ ਹੈਰੀਟੇਜ ਸਟਰੀਟ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਤੇ ਸਫਾਈ ਦੀ ਘਾਟ ਕਾਰਨ ਵੀ ਚਰਚਾ ਵਿੱਚ ਰਹੀ ਹੈ।