ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਮਈ
ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਅੱਜ ਲੱਖਾ ਸਿਧਾਣਾ ਨੇ ਸੰਗਰੂਰ ਜ਼ਿਲ੍ਹੇ ਕਈ ਪਿੰਡਾਂ ਵਿਚ ਸੰਬੋਧਨ ਕੀਤਾ। ਜਦੋਂ ਲੱਖਾ ਸਿਧਾਣਾ ਅਤੇ ਉਸ ਦੀ ਟੀਮ ਪਿੰਡ ਛਾਜਲੀ ਪੁੱਜੀ ਤਾਂ ਰੈਲੀ ਵਾਲੀ ਥਾਂ ਨੇੜੇ ਭਾਰੀ ਪੁਲੀਸ ਫੋਰਸ ਪੁੱਜ ਗਈ। ਚਰਚਾ ਇਹ ਹੈ ਕਿ ਦਿੱਲੀ ਪੁਲੀਸ ਵਿਸ਼ੇਸ਼ ਤੌਰ ’ਤੇ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਹੋਈ ਸੀ। ਹਾਲਾਂਕਿ ਲੱਖਾ ਸਿਧਾਣਾ ਪੁਲੀਸ ਦੇ ਹੱਥ ਨਹੀਂ ਆਇਆ ਪਰ ਪੁਲੀਸ ਕਾਰਵਾਈ ਤੋਂ ਔਖੇ ਉਸ ਦੇ ਸਮਰਥਕਾਂ ਨੇ ਥਾਣਾ ਛਾਜਲੀ ਅੱਗੇ ਰੋਸ ਵਜੋਂ ਆਵਾਜਾਈ ਠੱਪ ਕਰ ਦਿੱਤੀ। ਧਰਨੇ ਨੂੰ ਸੰਬੋਧਨ ਕਰਦਿਆਂ ਗਾਇਕ ਕੰਵਰ ਗਰੇਵਾਲ, ਹਰਫ ਚੀਮਾ, ਕਿਸਾਨ ਆਗੂ ਗੁਰਪਿਆਰ ਸਿੰਘ ਚੱਠਾ, ਰਾਜ ਸਿੰਘ ਖਾਲਸਾ ਤੇ ਭਾਨਾ ਸਿੱਧੂ ਨੇ ਕਿਹਾ ਕਿ ਪੁਲੀਸ ਨੇ ਅੱਜ ਇੱਥੇ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨਾ ਸੀ, ਜਿਸ ਤਹਿਤ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਧਰਨਾਕਾਰੀਆਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਖਿਆ ਕਿ ਉਹ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਨਹੀਂ ਹੋਣ ਦੇਣਗੇ। ਇਸ ਦੌਰਾਨ ਖੁਦ ਲੱਖਾ ਸਿਧਾਣਾ ਵੀ ਧਰਨੇ ਵਿਚ ਦੋ ਕੁ ਮਿੰਟ ਲਈ ਆਇਆ ਤੇ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਾਦ ਕਰਕੇ ‘ਗਾਇਬ’ ਹੋ ਗਿਆ।